-ਸਟਾਰ ਅਦਾਕਾਰ ਐਮੀ ਵਿਰਕ ਤੇ ਨਾਮੀ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਸਾਲ 2018 ਦੀ ਸੁਪਰ ਹਿੱਟ ਫਿਲਮ ‘ਕਿਸਮਤ’ ਤੋਂ ਬਾਅਦ ਹੁਣ ਉਸੇ ਤਰਜ ਤੇ ਇੱਕ ਹੋਰ ਪੰਜਾਬੀ ਫਿਲਮ ‘ਸੁਫਨਾ’ ਦਰਸ਼ਕਾਂ ਦੀ ਝੋਲੀ ਪਾਉਣ ਜਾ ਰਹੇ ਹਨ ਜੋ ਕਿ 14 ਫਰਵਰੀ 2020 ਨੂੰ ਵੈਲਨਟੇਨਡੇ ‘ਤੇ ਰਿਲੀਜ਼ ਹੋਵੇਗੀ।ਇਸ ਫਿਲਮ ਵਿੱਚ ਐਮੀ ਵਿਰਕ ਨਾਲ ਹੀਰੋਇਨ ਦੀ ਭੂਮਿਕਾ ‘ਚ ਤਾਨੀਆ ਨਜ਼ਰ ਆਵੇਗੀ।’ਕਿਸਮਤ’ ਵਾਂਗ ਇਹ ਫਿਲਮ ਵੀ ਇੱਕ ਵੱਖਰੀ ਹੀ ਕਿਸਮ ਦੀ ਲਵ ਸਟੋਰੀ ਅਧਾਰਤ ਹੋਵੇਗੀ। ਰਾਜਸਥਾਨ ਦੇ ਪੰਜਾਬੀ ਪਿੰਡਾਂ ਵਿਚਲੇ ਕਪਾਹਾਂ ਦੇ ਖੇਤਾਂ ਸਮੇਤ ਖੂਬਸੂਰਤ ਲੁਕੇਸ਼ਨਾਂ ‘ਤੇ ਫ਼ਿਲਮਾਈ ਇਹ ਫਿਲਮ ਨਿਰਦੇਸ਼ਕ ਜਗਦੀਪ ਸਿੱਧੂ ਦੀ ਕਲਾਤਮਿਕ ਸ਼ੈਲੀ ਨਾਲ ਲਬਰੇਜ਼ ਪੰਜਾਬੀ ਸਿਨੇ ਦਰਸ਼ਕਾਂ ਲਈ ਇਕ ਹੁਸੀਨ ਤੋਹਫ਼ਾ ਹੋਵੇਗੀ। ਪਿਆਰ ਮੁਹੱਬਤ ਦੀਆਂ ਤੰਦਾਂ ਨੂੰ ਮਜਬੂਤ ਕਰਦੀ ਇਹ ਫਿਲਮ ਹਰ ਛੋਟੇ ਵੱਡੇ, ਅਮੀਰ ਗਰੀਬ, ਅਨਪੜ੍ਹ ਪੜ੍ਹੇ ਲਿਖੇ ਬੰਦੇ ਦੇ ਸੁਫ਼ਨਿਆਂ ਦੀ ਗੱਲ ਕਰੇਗੀ। ਪੰਜ ਪਾਣੀ ਫਿਲਮਜ਼ ਦੀ ਪੇਸ਼ਕਸ਼ ਇਸ ਫਿਲਮ ਦੇ ਨਿਰਮਾਤਾ ਗੁਰਪ੍ਰੀਤ ਸਿੰਘ ਤੇ ਨਵਨੀਤ ਵਿਰਕ ਹਨ।ਇਸ ਫਿਲਮ ਵਿੱਚ ਐਮੀ ਵਿਰਕ ਤੇ ਤਾਨੀਆ ਦੀ ਜੋੜੀ ਤੋਂ ਇਲਾਵਾ ਜੈਸਮੀਨ ਬਾਜਵਾ, ਜਗਜੀਤ ਸੰਧੂ ਸੀਮਾ ਕੌਸਲ, ਕਾਕਾ ਕੌਤਕੀ, ਮੋਹਨੀ ਤੂਰ, ਮਿੰਟੂ ਕਾਪਾ, ਲੱਖਾ ਲਹਿਰੀ, ਬਲਵਿੰਦਰ ਬੁਲਟ, ਰਬਾਬ ਕੌਰ ਨੇ ਅਹਿਮ ਕਿਰਦਾਰ ਨਿਭਾਏ ਹਨ। ਸੰਗੀਤ ਬੀ ਪਰਾਕ ਨੇ ਦਿੱਤਾ ਹੈ।