ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਵਿਚ ਬੀਤੇ ਦਿਨ 6 ਮੈਂਬਰੀ ਕਿਸਾਨ ਵਫਦ ਨਾਲ ਚੀਫ ਸੈਕਟਰੀ ਪੰਜਾਬ ਕਰਨ ਅਵਤਾਰ ਸਿੰਘ ਵੱਲੋਂ ਮੀਟਿੰਗ ਕੀਤੀ। ਮੀਟਿੰਗ ਵਿਚ ਫਾਈਨਾਂਸ ਸਕੱਤਰ ਵਿਸ਼ਵਜੀਤ ਖੰਨਾ, ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ, ਡੀਜੀ ਇੰਟੈਲੀਜੈਂਸ ਵੀਕੇ ਭੰਵਰਾ, ਪੀਡਬਲਯੂਐੱਸ ਸਕੱਤਰ ਹੁਸਨ ਲਾਲ ਤੋਂ ਇਲਾਵਾ ਪਾਵਰਕਾਮ, ਪੰਚਾਇਤ ਵਿਭਾਗਾਂ ਤੇ ਕਈ ਹੋਰ ਵਿਭਾਗਾਂ ਦੇ ਉੱਚ ਅਧਿਕਾਰੀ ਹਾਜ਼ਰ ਸਨ। ਮੀਟਿੰਗ ਵਿਚ 3 ਦਸੰਬਰ ਨੂੰ ਹੋਏ ਰੇਲ ਰੋਕ ਅੰਦੋਲਨ ਦੌਰਾਨ ਦਿੱਤੇ ਗਏ 10 ਸੂਤਰੀ ਮੰਗ ਪੱਤਰ ਦੇ ਹੱਲ ਲਈ ਚੀਫ ਸੈਕਟਰੀ ਪੰਜਾਬ ਨੇ ਹੇਠਲੇ ਅਧਿਕਾਰੀਆਂ ਤੇ ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀਡਿਓ ਕਾਨਫਰੰਸ ਰਾਹੀਂ ਸ਼ਾਮਲ ਕਰਕੇ ਮੌਕੇ ‘ਤੇ ਆਦੇਸ਼ ਦਿੱਤੇ ਤੇ ਸਮਾਂਬੱਧ ਕੀਤਾ।
ਮੀਟਿੰਗ ਵਿਚ ਹੋਈ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਨੇ ਦੱਸਿਆ ਕਿ ਚੀਫ ਸਕੱਤਰ ਪੰਜਾਬ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ 9 ਕਿਸਾਨਾਂ ਦਾ ਗੰਨਾ ਬਾਂਡ ਰਾਣਾ ਸ਼ੂਗਰ ਮਿੱਲ ਬੁੱਟ ਵਿਚ ਕਰਵਾਉਣ ਦਾ ਮਸਲਾ ਦੋ ਹਫਤਿਆਂ ਵਿਚ ਨਿਬੇੜਣ ਲਈ ਹੁਕਮ ਕੀਤੇ ਤੇ ਗੰਨੇ ਦੇ ਬਕਾਇਆ ਰਾਸ਼ੀ ਪੰਜਾਬ ਸਰਕਾਰ 1 ਮਹੀਨੇ ਅੰਦਰ ਕਰ ਦੇਵੇਗੀ ਅਤੇ ਨਿੱਜੀ ਤੇ ਸਰਕਾਰੀ ਖੰਡ ਮਿੱਲਾਂ ਵੱਲ ਬਣਦਾ 350 ਕਰੋੜ ਦਾ ਬਕਾਇਆ ਵੀ ਪੰਜਾਬ ਸਰਕਾਰ ਦਖਲ ਦੇ ਕੇ ਜਾਰੀ ਕਰਵਾਏਗੀ। ਤਰਨਤਾਰਨ ਦੇ ਪਿੰਡ ਮੰਨਣ ਦੇ ਨਜ਼ਦੀਕ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਲੱਗ ਰਹੇ ਟੋਲ ਪਲਾਜੇ ਨੂੰ ਕਿਸੇ ਹੋਰ ਥਾਂ ਤਬਦੀਲ ਕਰਨ ਦਾ ਹੱਲ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਕੱਢਣ ਲਈ ਕਿਹਾ ਗਿਆ।
ਇਸੇ ਤਰ੍ਹਾਂ ਪਰਾਲੀ ਦੀ ਸੰਭਾਲ ਬਾਰੇ ਕਿਸਾਨਾਂ ਨੂੰ ਬਿਨ੍ਹਾ ਕਿਸੇ ਸ਼ਰਤ ਦੇ 6 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ‘ਤੇ ਇਸ ਮਸਲੇ ਦੇ ਠੋਸ ਹੱਲ ਲਈ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਜਨਵਰੀ ਤੱਕ ਪਾਲਸੀ ਬਣਾਈ ਜਾਵੇਗੀ ਅਤੇ ਕਿਸਾਨ ਆਗੂਆਂ ਨਾਲ ਇਸ ਮਸਲੇ ‘ਤੇ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਸਪੈਸ਼ਲ ਮੀਟਿੰਗ ਕਰਨਗੇ। ਕਿਸਾਨਾਂ ‘ਤੇ ਪਰਾਲੀ ਦੇ ਮੁੱਦੇ ‘ਤੇ ਕੀਤੇ ਪਰਚੇ ਤੇ ਜਮ੍ਹਾਂਬੰਦੀ ਵਿਚ ਲਾਲ ਐਂਟਰੀ ਖਤਮ ਕੀਤੀ ਜਾਵੇਗੀ। ਚੀਫ ਸਕੱਤਰ ਕਰਨ ਅਵਤਾਰ ਸਿੰਘ ਨੇ 31 ਮਾਰਚ 2019 ਨੂੰ ਆਪਣੇ ਦਸਤਖਤਾਂ ਹੇਠ ਮੰਨੀਆਂ 14 ਮੰਗਾਂ ਨੂੰ ਲਾਗੂ ਕਰਨ ਲਈ ਹੇਠਲੇ ਅਧਿਕਾਰੀਆਂ ‘ਤੇ ਜੋਰ ਦਿੰਦਿਆਂ ਕਿਹਾ ਕਿ 3 ਸ਼ਹੀਦ ਪਰਿਵਾਰਾਂ ਦੇ ਇਕ ਜੀਅ ਨੂੰ ਨੌਕਰੀ ਦੇਣ ਲਈ ਤਰਨਤਾਰਨ ਤੇ ਅੰਮ੍ਰਿਤਸਰ ਦੇ ਡੀਸੀਜ਼ ਪਾਸੋਂ ਰਿਪੋਰਟ ਮੰਗ ਲਈ ਹੈ ਅਤੇ ਇਸ ਦਾ ਹੱਲ ਕੱਢਣ ਦੀ ਜਿੰਮੇਵਾਰੀ ਉਸ ਦੀ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੱਲਾਂਵਾਲਾ ਅਤੇ ਮਮਦੋਟ ਦੇ ਸੀਵਰੇਜ ਦਾ ਗੰਦਾ ਪਾਣੀ ਸੇਮਨਾਲਿਆਂ ਵਿਚ ਪੈਣ ਤੋਂ ਰੋਕਣ, ਤਰਨਤਾਰਨ ਤੇ ਅੰਮ੍ਰਿਤਸਰ ਦੇ ਕਈ ਇਲਾਕਿਆਂ ਦੇ ਸੀਵਰੇਜ ਦੇ ਗੰਦੇ ਪਾਣੀ ਨੂੰ ਸੇਮਨਾਲਿਆਂ ਤੇ ਕਿਸਾਨਾਂ ਦੀ ਜ਼ਮੀਨ ਵਿਚ ਪੈਣ ਤੋਂ ਰੋਕਣ ਲਈ ਆਦੇਸ਼ ਸਬੰਧਤ ਡੀਸੀਜ਼ ਨੂੰ ਦਿੱਤੇ ਗਏ। ਇਸ ਤਰ੍ਹਾਂ ਚੀਫ ਸਕੱਤਰਾਂ ਨੇ ਹੜ੍ਹਾਂ ਨਾਲ ਤਬਾਹ ਹੋਈਆਂ ਫਸਲਾਂ ਦਾ ਮੁਆਵਜ਼ਾ ਤੁਰੰਤ ਦੇਣ ਦੀ ਰਿਪੋਰਟ ਭੇਜਣ ਲਈ ਜ਼ਿਲ੍ਹਾ ਫਿਰੋਜ਼ਪੁਰ, ਜਲੰਧਰ ਤੇ ਕਪੂਰਥਲਾ, ਤਰਨਤਾਰਨ ਦੇ ਡੀਸੀਜ਼ ਨੂੰ ਜ਼ਿਲ੍ਹਾ ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਪਿਛਲਾ 7 ਕਰੋੜ ਬਕਾਇਆ ਤੁਰੰਤ ਹੜ੍ਹ ਪੀੜਤਾਂ ਨੂੰ ਵੰਡਣ ਲਈ ਕਿਹਾ। ਇਸ ਮੌਕੇ ਕਿਸਾਨ ਆਗੂ ਸਵਿੰਦਰ ਸਿੰਘ, ਜਸਬੀਰ ਸਿੰਘ, ਸੁਖਵਿੰਦਰ ਸਭਰਾ, ਹਰਪ੍ਰੀਤ ਸਿੰਘ ਸਿੱਧਵਾਂ ਆਦਿ ਹਾਜ਼ਰ ਸਨ।