ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ ਪੰਜਾਬ ਸਰਕਾਰ ਤੇ ਖੇਡ ਮੰਤਰੀ ਦੀ ਰਹਿਨੁਮਾਈ ਹੇਠ ਪੁਲਿਸ ਥਾਣਿਆਂ ਵਿੱਚ ਕੀਤੇ ਜਾ ਰਹੇ ਝੂਠੇ ਪਰਚਿਆਂ, ਭ੍ਰਿਸ਼ਟਾਚਾਰ ਰਾਹੀਂ ਜਨਤਾ ਦੀ ਕੀਤੀ ਲੁੱਟ ਖਸੁੱਟ, ਰੇਤ ਮਾਫ਼ੀਏ ਰਾਹੀਂ ਨਾਜਾਇਜ਼ ਖੱਡਾਂ ਚਲਾ ਕੇ ਕੀਤੀ ਜਾ ਰਹੀ ਕਰੋੜਾਂ ਦੀ ਕਾਲੀ ਕਮਾਈ ਤੇ ਜਬਰ ਜ਼ੁਲਮ ਖ਼ਿਲਾਫ਼ ਡੀ.ਐੱਸ.ਪੀ. ਗੁਰੂ ਹਰ ਸਹਾਏ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਵੱਡਾ ਹੱਲਾ ਬੋਲਿਆ ਤੇ ਡੀ.ਐੱਸ.ਪੀ.ਸਬੰਧਿਤ ਥਾਣਿਆਂ ਦੇ ਮਸਲੇ ਹੱਲ ਕਰਨ ਤੇ ਮੰਗ ਪੱਤਰ ਪੰਜਾਬ ਦੇ ਡੀ. ਜੀ. ਪੀ. ਨੂੰ ਭੇਜਿਆ। ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜ਼ੋਨ ਪ੍ਰਧਾਨ ਧਰਮ ਸਿੰਘ ਸਿੱਧੂ ਤੇ ਨਰਿੰਦਰਪਾਲ ਸਿੰਘ ਜਤਾਲਾ ਨੇ ਕਿਹਾ ਕਿ ਕੈਪਟਨ ਸਰਕਾਰ 1 ਮਹੀਨੇ ਵਿੱਚ ਨਸ਼ਾ ਮਾਫ਼ੀਆ, ਰੇਤ ਮਾਫ਼ੀਆ,ਭ੍ਰਿਸ਼ਟਾਚਾਰ ਤੇ ਬਹੁਤ ਸਾਰੇ ਚੋਣ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ। ਪਰ ਹੁਣ 3 ਸਾਲ ਬੀਤ ਜਾਣ ਦੇ ਬਾਵਜੂਦ ਨਸ਼ਾ ਮਾਫੀਆ ਅਤੇ ਰੇਤ ਮਾਫੀਆ ਬੇਰੋਕ-ਟੋਕ ਵਿਧਾਇਕ, ਮੰਤਰੀਆਂ ਤੇ ਪੁਲਿਸ ਪ੍ਰਸ਼ਾਸਨ ਦੇ ਬਣੇ ਨਾਪਾਕ ਗਠਜੋੜ ਰਾਹੀਂ ਅਰਬਾਂ ਰੁਪਏ ਦੀ ਕਾਲੀ ਕਮਾਈ ਕਰਕੇ ਪੰਜਾਬ ਨੂੰ ਬੁਰੀ ਤਰ੍ਹਾਂ ਬਰਬਾਦ ਕਰ ਰਿਹਾ ਹੈ ਅਤੇ ਮੁੱਖ ਮੰਤਰੀ ਮੂਕ ਦਰਸ਼ਕ ਬਣਿਆ ਹੋਇਆ ਹੋਇਆ ਹੈ ਤੇ ਪੁਲਿਸ ਪ੍ਰਸ਼ਾਸਨ ਵਿਧਾਇਕਾਂ, ਮੰਤਰੀਆਂ ਨੂੰ ਭ੍ਰਿਸ਼ਟਾਚਾਰ ਰਹੀ ਜਨਤਾ ਨੂੰ ਲੁੱਟਣ ਤੇ ਕੁੱਟਣ ਦੀ ਖੁੱਲ੍ਹ ਦੇ ਰਿਹਾ ਹੈ । ਗੁਰੂ ਹਰਸਹਾਏ ਹਲਕੇ ਵਿੱਚ ਖੇਡ ਮੰਤਰੀ ਕਿਸਾਨਾਂ ਮਜ਼ਦੂਰਾਂ ਉੱਤੇ ਝੂਠੇ ਪਰਚੇ ਕਰਵਾਉਣ, ਦੋ ਥਾਣਿਆਂ ਤੇ ਡੀ. ਐੱਸ. ਪੀ ਦਫ਼ਤਰਾਂ ਰਾਹੀਂ ਭ੍ਰਿਸ਼ਟਾਚਾਰ ਕਰਾਉਣ ਵਿੱਚ ਸ਼ਾਮਲ ਹੈ ਅਤੇ ਜਨਤਾ ਲੁੱਟ ਤੇ ਜਬਰ ਜ਼ੁਲਮ ਨਾਲ ਤਰਾਹ ਤਰਾਹ ਕਰ ਰਹੀ ਹੈ। ਕਿਸਾਨ ਆਗੂਆਂ ਇਸ ਮੌਕੇ ਜ਼ੋਰਦਾਰ ਮੰਗ ਕੀਤੀ ਕਿ ਥਾਣਾ ਲੱਖੋ ਕੇ ਬਹਿਰਾਮ ਵਿੱਚ ਐੱਫ.ਆਈ.ਆਰ.101/18 ਦੇ ਮੁਕੱਦਮੇ ਦਾ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਜਾਵੇ, ਹਰਪਾਲ ਸਿੰਘ ਵਗੈਰਾ ਉੱਤੇ ਸਿਆਸੀ ਦਬਾਅ ਹੇਠ ਕੀਤਾ ਕਰਾਸ ਕੇਸ ਰੱਦ ਕੀਤਾ ਜਾਵੇ।ਡੀ.ਐੱਸ.ਪੀ.ਫਿਰੋਜ਼ਪੁਰ ਵੱਲੋਂ ਮੰਨੀ ਹੋਈ ਮੰਗ ਮੁਤਾਬਕ 174/18, 53/19, 114/19, 178/19 ਐੱਫ.ਆਈ.ਆਰ. ਅਧੀਨ ਥਾਣਾ ਗੁਰੂ ਹਰ ਸਹਾਏ ਵਿੱਚ ਕ੍ਰਿਸ਼ਨ ਲਾਲ ਸ਼ਰਮਾ ਉੱਤੇ ਹਲਕਾ ਵਿਧਾਇਕ ਵੱਲੋਂ ਕਰਵਾਏ ਝੂਠੇ ਪਰਚੇ ਰੱਦ ਕੀਤੇ ਜਾਣ,ਮੰਨੀ ਹੋਈ ਮੰਗ ਮੁਤਾਬਕ ਥਾਣਾ ਲੱਖੋ ਕੇ ਬਹਿਰਾਮ ਵਿਖੇ ਧਾਰਾ 188 ਅਧੀਨ ਨੰਬਰ 35/19 ਕੀਤਾ ਪਰਚਾ ਰੱਦ ਕੀਤਾ ਜਾਵੇ। ਆਰ.ਪੀ.ਐੱਫ.ਵੱਲੋਂ ਕਿਸਾਨ ਅੰਦੋਲਨਾਂ ਦੌਰਾਨ ਮੰਨੀ ਹੋਈ ਮੰਗ ਮੁਤਾਬਕ ਕੀਤੇ ਪਰਚੇ ਰੱਦ ਕੀਤੇ ਜਾਣ, ਬੂਲਾ ਰਾਏ ਦੇ ਜਸਵਿੰਦਰ ਸਿੰਘ ਦਾ ਬਾਰਾਂ ਟਾਇਰੀ ਟਰਾਲਾ ਪੁਲਿਸ ਮਿਲੀ ਭੁਗਤ ਨਾਲ ਜ਼ਬਤ ਕੀਤਾ ਗਿਆ ਹੈ,ਉਸ ਦੀ ਨਿਰਪੱਖ ਜਾਂਚ ਕੀਤੀ ਜਾਵੇ। ਅਲੀ ਕੇ ਝੁੱਗੀਆਂ (ਥਾਣਾ ਲੱਖੋ ਕੇ ਬਹਿਰਾਮ) ਪੰਜ ਗਰਾਈ (ਥਾਣਾ ਗੁਰੂਹਰਸਹਾਏ) ਦੇ ਕਿਸਾਨਾਂ ਨੂੰ ਇਨਸਾਫ਼ ਦਵਾਇਆ ਜਾਵੇ। ਪਿੰਡ ਬੂਲਾ ਰਾਏ ਉਤਾੜ, ਗਜਨੀ ਵਾਲਾ ਤੇ ਹੋਰ ਥਾਵਾਂ ਉੱਤੇ ਖੇਡ ਮੰਤਰੀ ਤੇ ਪੁਲਿਸ ਦੀ ਮਿਲੀ ਭੁਗਤ ਨਾਲ ਚੱਲ ਰਹੀ ਨਾਜਾਇਜ਼ ਰੇਤ ਮਾਈਨਿੰਗ ਖਿਲਾਫ ਕਾਰਵਾਈ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਨ੍ਹਾਂ ਦੀਆਂ ਬਣਾਈਆਂ ਨਾਜਾਇਜ਼ ਜਾਇਦਾਦਾਂ ਜ਼ਬਤ ਕੀਤੀਆਂ ਜਾਣ। ਇਸ ਮੌਕੇ ਮੰਗਲ ਸਿੰਘ ਗੁੱਦੜ ਢੰਡੀ, ਮੇਜਰ ਸਿੰਘ ਗਜਨੀ ਵਾਲਾ, ਫੁੰਮਣ ਸਿੰਘ ਰਾਊਕੇ, ਗੁਰਨਾਮ ਸਿੰਘ ਅਲੀਕੇ ਝੁੱਗੀਆਂ, ਗੁਰਦਿਆਲ ਸਿੰਘ ਟਿੱਬੀ ਕਲਾਂ, ਮੰਗਲ ਸਿੰਘ ਸਵਾਈ ਕੇ, ਬਲਰਾਜ ਸਿੰਘ ਜੱਲੋਕੇ, ਸੁਰਿੰਦਰ ਸਿੰਘ ਜਲਾਲਾਬਾਦ,ਪਰਮਜੀਤ ਸਿੰਘ ਸਵਾਇਆ ਰਾਏ, ਪ੍ਰੀਤਮ ਸਿੰਘ ਬੂਲਾ ਰਾਏ, ਗੁਰਬਖ਼ਸ਼ ਸਿੰਘ ਚੱਕ ਬੁੱਢੇ ਸ਼ਾਹ, ਸੁਖਦੇਵ ਸਿੰਘ ਆਤੂਵਾਲਾ, ਰਾਜਿੰਦਰ ਸਿੰਘ ਫੁੱਲਰਵੰਨ, ਜਸਵੰਤ ਸਿੰਘ ਸਰੀਹ ਵਾਲਾ, ਸਾਹਿਬ ਸਿੰਘ ਦੀਨੇ ਕੇ, ਅੰਗਰੇਜ਼ ਸਿੰਘ ਬੂਟੇ ਵਾਲਾ ਆਦਿ ਨੇ ਵੀ ਸੰਬੋਧਨ ਕੀਤਾ।