ਲੋਕ ਸਭਾ ਦੇ ਮੌਨਸੂਨ ਸੈਸ਼ਨ ਵਿਚ ਰਾਜਨੀਤਕ ਵਿਰੋਧੀ ਪਾਰਟੀਆਂ ਨੂੰ ਕੇਂਦਰ ਸਰਕਾਰ ਦਾ ਬਾਈਕਾਟ ਕਰਨਾ ਮਹਿੰਗਾ ਸਾਬਤ ਹੋ ਸਕਦਾ ਹੈ; ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਅੱਜ ਚੰਡੀਗੜ੍ਹ ‘ਚ ਕਿਹਾ ਕਿ ਕਿਸਾਨ ਮੋਰਚੇ ਵੱਲੋਂ ਸਮੁੱਚੀਆਂ ਵਿਰੋਧੀ ਪਾਰਟੀਆਂ ਨੂੰ ਇੱਕ ਚਿਤਾਵਨੀ ਪੱਤਰ ਦਿੱਤਾ ਜਾਵੇਗਾ ਕਿ ਉਹ ਲੋਕ ਸਭਾ ‘ਚੋਂ ਬਾਈਕਾਟ ਨਾ ਕਰਕੇ ਸਦਨ ਦੇ ਅੰਦਰ ਖੇਤੀ ਕਾਨੂੰਨਾਂ ਤੇ ਹੋਰ ਲੋਕ ਪੱਖੀ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ।
ਰਾਜੇਵਾਲ ਨੇ ਕਿਹਾ ਅਸੀਂ ਫੈਸਲਾ ਕੀਤਾ ਹੈ ਕਿ 17 ਜੁਲਾਈ ਨੂੰ ਸਾਰੇ ਸੰਸਦ ਮੈਂਬਰਾਂ ਨੂੰ ਇਕ ਚਿਤਾਵਨੀ ਪੱਤਰ ਦਿੱਤਾ ਜਾਵੇਗਾ ਜਿਸ ਵਿਚ ਉਨ੍ਹਾਂ ਤੋਂ ਮੰਗ ਕੀਤੀ ਜਾਵੇਗੀ ਕਿ ਉਹ ਸੰਸਦ ਵਿੱਚ ਕਿਸਾਨਾਂ ਦੀ ਆਵਾਜ਼ ਚੁੱਕਣ ਤੇ ਵਾਕਆਊਟ ਨਾ ਕਰਨ। ਜਿਹੜੇ ਸਾਡੀ ਆਵਾਜ਼ ਨਹੀਂ ਚੁੱਕਣਗੇ ਉਨ੍ਹਾਂ ਦਾ ਵੀ ਕਿਸਾਨ ਘਿਰਾਓ ਕਰਨਗੇ।
ਰਾਜੇਵਾਲ ਨੇ ਕਿਹਾ ਹਰ ਰੋਜ ਕੋਵਿਡ ਤੋਂ ਨਜਿੱਠਣ ਲਈ ਪ੍ਰਧਾਨਮੰਤਰੀ ਐਲਾਨ ਕਰ ਰਹੇ ਹਨ ਜਿਨ੍ਹਾਂ ਵਿਚੋਂ ਅਨਾਜ ਮੁਫ਼ਤ ਦੇਣ ਦੀ ਗੱਲ ਕਹੀ ਹੈ ,ਉਸ ਬਿਆਨ ਤੋਂ ਬਾਅਦ ਸਾਨੂ ਲੱਗਿਆ ਕਿ ਕਿਸਾਨ ਹਰ ਮੌਸਮ ਨੂੰ ਝੱਲ ਰਿਹਾ ਪਰ ਇਸ ਵੇਲੇ ਦੁੱਖ ਮਹਿਸੂਸ ਹੋ ਰਿਹਾ ਕਿ ਕਿਸਾਨਾਂ ਨਾਲ ਦੁਸ਼ਮਣੀ ਪ੍ਰਧਾਨਮੰਤਰੀ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ 22 ਜੁਲਾਈ ਤੋਂ 200 ਕਿਸਾਨਾਂ ਦਾ ਜੱਥਾ ਪਾਰਲੀਮੈਂਟ ਵੱਲ ਮਾਰਚ ਕਰੇਗਾ ਜੋ ਵੀ ਜਾਣਗੇ ਉਨ੍ਹਾਂ ਨੂੰ ਆਈਡੀ ਕਾਰਡ ਦਿੱਤੇ ਜਾਣਗੇ ਤਾਂ ਜੋ ਕਿਸਾਨਾਂ ਦੀ ਆੜ ਵਿੱਚ ਕੋਈ ਹੋਰ ਸ਼ਰਾਰਤੀ ਅਨਸਰ ਦਾਖਲ ਨਾ ਹੋ ਜਾਵੇ। ਉਹਨਾਂ ਕਿਹਾ ਕਿ ਰਸੋਈ ਗੈਸ,ਪੈਟਰੋਲ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ । ਮਹਿੰਗਾਈ ਬਹੁਤ ਜਿਆਦਾ ਵੱਧ ਗਈ ਹੈ ਜਿਸ ਖਿਲਾਫ਼ ਕਿਸਾਨ 8 ਜੁਲਾਈ ਨੂੰ 10 ਤੋਂ 12 ਵਜੇ ਤਕ ਸੜਕਾਂ ‘ਤੇ ਆਉਣਗੇ ਅਤੇ 8 ਮਿੰਟ ਵਾਸਤੇ ਹਾਰਨ ਵੀ ਵਜਾਉਣਗੇ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾ ਸਕੇ ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨ ਦੌਰਾਨ ਕਿਸੇ ਕਿਸਮ ਦੀ ਟ੍ਰੈਫਿਕ ਜਾਮ ਨਹੀਂ ਕੀਤੀ ਜਾਵੇਗੀ। ਰਾਜੇਵਾਲ ਦੇ ਮਹਿੰਗਾਈ ਦੇ ਖ਼ਿਲਾਫ਼ ਸਮੂਹ ਲੋਕਾਂ ਨੂੰ ਸੜਕਾਂ ਤੇ ਆਉਣ ਦੀ ਅਪੀਲ ਕੀਤੀ ਹੈ।