ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (BKU) ਦੇ ਪ੍ਰਧਾਨ ਰਾਕੇਸ਼ ਟਿਕੈਤ ਖ਼ਿਲਾਫ਼ ਸ਼ਿਵਮੋਗਾ ‘ਚ ਉਨ੍ਹਾਂ ਦੇ ਭਾਸ਼ਣ ਨੂੰ ਲੈ ਕੇ ਕਰਨਾਟਕ ‘ਚ ਦੋ ਮਾਮਲੇ ਦਰਜ ਹੋਏ ਹਨ। ਕਰਨਾਟਕ ਦੇ ਸ਼ਿਵਮੋਗਾ ਤੇ ਹਾਵੇਰੀ ‘ਚ ਇਹ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਖ਼ਿਲਾਫ਼ ਭੜਕਾਊ ਭਾਸ਼ਣ ਦੇਣ ਦੇ ਦੋਸ਼ ‘ਚ ਦੋਵੇਂ ਕੇਸ ਦਰਜ ਹੋਏ ਹਨ। ਗੌਰਤਲਬ ਹੈ ਕਿ ਸ਼ਨਿਚਰਵਾਰ ਨੂੰ ਕਿਸਾਨਾਂ ਦੀ ਇਕ ਸਭਾ ਨੂੰ ਸੰਬੋਧਿਤ ਕਰਦਿਆਂ ਟਿਕੈਤ ਨੇ ਕਿਹਾ ਕਿ ਕਰਨਾਟਕ ‘ਚ ਕਿਸਾਨਾਂ ਨੂੰ ਦਿੱਲੀ ਦੀ ਤਰ੍ਹਾਂ ਸੂਬੇ ‘ਚ ਵਿਰੋਧ ਪ੍ਰਦਰਸ਼ਨ ਦਾ ਆਯੋਜਨ ਕਰਨਾ ਚਾਹੀਦਾ। ਨਾਲ ਹੀ ਉਨ੍ਹਾਂ ਨੇ ਬੈਂਗਲੁਰੂ ਦੇ ਘਿਰਾਓ ਦਾ ਐਲਾਨ ਕੀਤਾ ਸੀ।
ਟਿਕੈਤ ਨੇ ਕਿਹਾ ਸੀ ਕਿ ਤੁਹਾਨੂੰ ਦਿੱਲ਼ੀ ਦੀ ਤਰ੍ਹਾਂ ਚਾਰੇ ਪਾਸਿਓਂ ਬੈਂਗਲੁਰੂ ਦਾ ਘਿਰਾਓ ਕਰਨ ਦੀ ਲੋੜ ਹੈ। ਲੋਕ ਆ ਕੇ ਤੁਹਾਡੇ ਪ੍ਰਦਰਸ਼ਨ ‘ਚ ਸ਼ਾਮਲ ਹੋਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਕਿਸਾਨ ਕਿਤੇ ਵੀ ਫਸਲ ਵੇਚ ਸਕਦੇ ਹਨ ਇਸਲਈ ਤੁਸੀਂ ਆਪਣੀ ਫਸਲ ਨੂੰ ਜ਼ਿਲ੍ਹਾ ਕਲੈਕਟਰ, ਐੱਸਡੀਐੱਮ ਦੇ ਦਫ਼ਤਰਾਂ ‘ਚ ਲੈ ਜਾਣ ‘ਤੇ ਜੇ ਪੁਲਿਸ ਤੁਹਾਨੂੰ ਰੋਕਦੀ ਹੈ, ਤਾਂ ਉਨ੍ਹਾਂ ਨੂੰ MSP ‘ਤੇ ਫਸਲ ਖਰੀਦਣ ਲਈ ਕਹੇ।
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਨੇ ਮਾਮਲਾ ਦਰਜ ਕਰਨ ਲਈ ਸੂਬਾ ਸਰਕਾਰ ਦੀ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੀ ਇਹ ਅਸਲ ‘ਚ ਭੜਕਾਊ ਭਾਸ਼ਣ ਦਾ ਮਾਮਲਾ ਹੈ? ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਬਿਆਨਾਂ ‘ਚ ਕੁਝ ਵੀ ਭੜਕਾਊ ਨਹੀਂ ਸੀ। ਇਹ ਗਲਤ ਧਾਰਨਾ ਹੈ। ਪ੍ਰਦਰਸ਼ਨ ਕਰਨਾ ਸੰਵੈਧਾਨਿਕ ਅਧਿਕਾਰ ਹੈ। ਟਿਕੈਤ ਖ਼ਿਲਾਫ਼ ਕੇਸ ਦਰਜ ਵਾਪਸ ਲਏ ਜਾਣੇ ਚਾਹੀਦੇ।