ਵੇਖੀ ਕਿਤੇ ਧੋਖਾ ਨਾ ਦੇ ਦੇਈ ਕਰਮਾਂ ਵਾਲੀਏ
ਤੇਰੇ ਤੋਂ ਬੜੀਆ ਆਸਾ ਉਮੀਦਾਂ ਨੇ ਅੰਨਦਾਤੇ ਨੂੰ
ਕਿਸੇ ਦੀ ਤੇਰੇ ਸਿਰ ਤੋਂ ਹੀ ਬੁੱਢੇ ਮਾਂ ਬਾਪ ਦੀ ਦਵਾਈ ਆਉਣੀ ਏ
ਕਿਸੇ ਨੇ ਬੂਹੇ ਬੈਠੀ ਜਵਾਨ ਧੀ ਜਾ ਭੈਣ ਵਿਆਉਣੀ ਏ
ਬੱਚਿਆਂ ਦੇ ਕੱਪੜੇ ਸਕੂਲਾਂ ਦੀਆਂ ਫੀਸਾਂ ਭਰਨੀਆ ਨੇ
ਕਿਸੇ ਨੇ ਪਤਾ ਨਹੀਂ ਕੀ ਕੀ ਰੀਝਾਂ ਪੂਰੀਆ ਕਰਨੀਆ ਨੇ
ਕਿਸੇ ਨੇ ਨਿੱਤ ਗੇੜੇ ਮਾਰਦੇ ਸਾਹੂਕਾਰ ਦਾ ਕਰਜ਼ਾ ਮੋੜਨਾ ਏ
ਕਿਸੇ ਨੇ ਆਪਣਾ ਬੇਰੁਜ਼ਗਾਰ ਫਿਰਦਾ ਪੁੱਤ ਪ੍ਰਦੇਸੀਂ ਤੋਰਨਾ ਏ
ਕਿਸੇ ਨੇ ਬੈਂਕ ਕੋਲ ਪਈ ਜ਼ਮੀਨ ਦਾ ਮੁੱਲ ਤਾਰਨਾ ਏ
ਕਿਸੇ ਦੇ ਘਰ ਤੇਰੇ ਕਰਕੇ ਖੁਸ਼ੀਆ ਨੇ ਗੇੜਾ ਮਾਰਨਾ ਏ
ਕਿਸੇ ਨੇ ਸਿਰ ਢਕਣ ਲਈ ਘਰ ਬਣਾਉਣ ਦੀ ਆਸ ਵੀ ਕੀਤੀ ਏ
ਕਿਸੇ ਨੇ ਪੋਹ ਮਾਘ ਜੇਠ ਹਾੜ ਵਿੱਚ ਹੰਡਭੰਨਵੀ ਮਿਹਨਤ ਕੀਤੀ ਏ
ਕਿਤੇ ਹਜਾਰਾਂ ਪਰਿਵਾਰਾਂ ਦੇ ਤੇਰੇ ਨਾਲ ਹੀ ਚੇਹਰੇ ਤੇ ਹਾਸੇ ਨੇ
ਕਿਤੇ ਸਬਰ ਹੈ ਕਿਤੇ ਦਿਲਾਂ ਨੂੰ ਦੇ ਕੇ ਰੱਖੇ ਹਾਲੇ ਦਿਲਾਸੇ ਨੇ
ਕਿਸੇ ਗਰੀਬ ਮਜਦੂਰ ਦਾ ਤੇਰੇ ਸਿਰ ਤੋਂ ਹੀ ਪਰਿਵਾਰ ਪਲਦਾ ਏ
ਮੁੱਕਦੀ ਗੱਲ ਆ ਸੰਧੂਆਂ ਇਹ ਤਾਣਾ-ਬਾਣਾ ਸਾਰਾ ਫਸਲ ਤੋਂ ਚੱਲਦਾ ਏ
ਬਲਤੇਜ ਸਿੰਘ ਸੰਧੂ
ਬੁਰਜ ਲੱਧਾ
ਬਠਿੰਡਾ
9465818158