ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਇੰਦਰਜੀਤ ਸਿੰਘ ਕਲੀ ਵਾਲਾ ਦੀ ਅਗਵਾਈ ਹੇਠ ਕਿਸਾਨਾਂ ਦੇ ਵਫ਼ਦ ਨੇ ਡੀ.ਸੀ.ਫ਼ਿਰੋਜ਼ਪੁਰ ਕੁਲਵੰਤ ਸਿੰਘ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜ਼ਿਲ੍ਹੇ ਨਾਲ ਸਬੰਧਿਤ ਕਿਸਾਨਾਂ ਮਜ਼ਦੂਰਾਂ ਦੀਆਂ ਲਟਕ ਰਹੀਆਂ ਮੰਗਾਂ ਨੂੰ ਤੁਰੰਤ ਹੱਲ ਕਰਨ ਲਈ ਕਿਹਾ ਗਿਆ। ਜਿਵੇਂ ਕਿ ਹੜ੍ਹਾਂ ਨਾਲ ਹੋਈ ਤਬਾਹੀ ਦਾ ਪਿਛਲਾ 7 ਕਰੋੜ ਦਾ ਮੁਆਵਜ਼ਾ ਤੁਰੰਤ ਜਾਰੀ ਕਰਨ ਤੇ ਸਾਲ 2019 ਵਿੱਚ ਹੜ੍ਹਾਂ ਨਾਲ ਹੋਈ ਤਬਾਹੀ ਦੀ ਰਿਪੋਰਟ ਜਾਰੀ ਕਰਕੇ ਛੇਤੀ ਹੀ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਥਾਣਾ ਸਦਰ ਜ਼ੀਰਾ ਅੱਗੇ 29 ਅਪ੍ਰੈਲ 2018 ਨੂੰ ਖੁਦਕੁਸ਼ੀ ਕਰ ਗਏ ਜਤਿੰਦਰ ਸਿੰਘ ਦੀ ਲਾਸ਼ ਰੱਖ ਕੇ ਸ਼ਾਂਤਮਈ ਧਰਨਾ ਦੇ ਰਹੇ ਪਰਿਵਾਰ ਤੇ ਹਲਕਾ ਵਿਧਾਇਕ ਦੇ ਪਿਤਾ ਇੰਦਰਜੀਤ ਸਿੰਘ ਜ਼ੀਰਾ ਤੇ ਉਸ ਦੇ ਗੈਂਗ ਵੱਲੋਂ ਹਮਲੇ ਦੌਰਾਨ ਹੋਈ ਸੰਦਾਂ ਦੀ ਟੁੱਟ ਭੱਜ ਦਾ 1 ਲੱਖ 64 ਹਜ਼ਾਰ 587 ਰੁਪਏ ਦਾ ਮੁਆਵਜ਼ਾ, R.P.F ਵੱਲੋਂ ਕਿਸਾਨ ਆਗੂਆਂ ਤੇ ਜਮਹੂਰੀਅਤ ਹੱਕਾਂ ਲਈ ਅੰਦੋਲਨਾਂ ਦੌਰਾਨ ਕੀਤੇ ਪਰਚੇ ਤੇ ਅਦਾਲਤਾਂ ਵਿੱਚ ਪਾਏ ਕੇਸ ਪੰਜਾਬ ਸਰਕਾਰ ਵੱਲੋਂ ਮੰਨੀ ਹੋਈ ਮੰਗ ਤਹਿਤ ਤੁਰੰਤ ਵਾਪਸ ਲੈ ਜਾਣ, ਬੈਂਕਾਂ ਅਤੇ ਆੜ੍ਹਤੀਆਂ ਵੱਲੋਂ ਲਏ ਗੈਰ ਕਾਨੂੰਨੀ ਖ਼ਾਲੀ ਚੈੱਕ ਵਾਪਸ ਕਰਨ, ਅਵਾਰਾ ਪਸ਼ੂਆਂ ਦੀ ਸਾਂਭ- ਸੰਭਾਲ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ, ਪਿੰਡਾਂ ਵਿੱਚ ਜ਼ਰੂਰਤ ਮੰਦ ਗਰੀਬ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਮੁਹੱਈਆ ਕਰਵਾਏ ਜਾਣ, ਜ਼ਿਲ੍ਹੇ ਨਾਲ ਸਬੰਧਿਤ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਨੂੰ ਲੈ ਲਿਆਉਣ ਵਾਸਤੇ ਖਸਤਾ ਹਾਲਤ ਬੱਸਾਂ ਤੁਰੰਤ ਬੰਦ ਕੀਤੀਆਂ ਜਾਣ ਤੇ ਉਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜ਼ਿਲ੍ਹੇ ਦੇ ਟਰਾਂਸਪੋਰਟ ਅਧਿਕਾਰੀ ਵੱਲੋਂ ਨਵੀਆਂ ਤੇ ਪੂਰੇ ਕਾਗਜ਼ ਪੱਤਰਾਂ ਵਾਲੀਆਂ ਬੱਸਾਂ ਨੂੰ ਹੀ ਪ੍ਰਵਾਨਗੀ ਦਿੱਤੀ ਜਾਵੇ,ਸਹੀ ਤੇ ਪੂਰੇ ਕਾਗਜ਼ਾਂ ਵਾਲ਼ੀਆਂ ਬੱਸਾਂ ਦੇ ਚਾਲਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਤੇ ਦਫ਼ਤਰਾਂ ਵਿੱਚ ਵੱਡੀ ਪੱਧਰ ਤੇ ਫੈਲਿਆ ਭ੍ਰਿਸ਼ਟਾਚਾਰ ਤੁਰੰਤ ਬੰਦ ਕੀਤਾ ਜਾਵੇ।ਇਸ ਮੌਕੇ ਡੀ.ਸੀ. ਨੇ ਵਿਸ਼ਵਾਸ ਦੁਆਇਆ ਕਿ ਤੁਹਾਡੀਆਂ ਸਾਰੀਆਂ ਮੰਗਾਂ ਜਾਇਜ਼ ਹਨ ਅਤੇ ਇਨ੍ਹਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਵਾਇਆ ਜਾਵੇਗਾ ਤੇ ਦਫ਼ਤਰਾਂ ਵਿਚ ਰਿਸ਼ਵਤਖੋਰੀ ਬੰਦ ਕਰਕੇ ਸੁਚਾਰੂ ਢੰਗਾਂ ਨਾਲ ਕੰਮਕਾਜ ਪ੍ਰਬੰਧ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਰਣਬੀਰ ਸਿੰਘ ਰਾਣਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜਤਾਲਾ ,ਮੰਗਲ ਸਿੰਘ ਗੁੱਦੜ ਢੰਡੀ,ਗੁਰਦਿਆਲ ਸਿੰਘ ਟਿੱਬੀ ਕਲਾਂ ਅਤੇ ਡਾ ਗੁਰਮੁੱਖ ਸਿੰਘ ਆਦਿ ਆਗੂ ਮੌਜੂਦ ਸਨ।