ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਮੀਟਿੰਗ ਅੱਜ ਫਿਰੋਜ਼ਪੁਰ ਦੇ ਨਜ਼ਦੀਕ ਪਿੰਡ ਖਾਈ ਫੇਮੇਕੇ ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੰਗ ਕੀਤੀ ਕਿ ਮੰਨੀ ਹੋਈ ਮੰਗ ਮੁਤਾਬਕ ਲੋਕ ਹਿੱਤ ਵਿੱਚ ਲੜੇ ਗਏ ਅੰਦੋਲਨਾਂ ਦੌਰਾਨ ਕਿਸਾਨ ਆਗੂਆਂ ਉੱਤੇ R.P.F ਵੱਲੋਂ ਦਾਇਰ ਕੀਤੇ 13 ਪਰਚੇ ਰੱਦ ਕੀਤੇ ਜਾਣ ਅਤੇ ਲੋਅਰ ਕੋਰਟ ਫ਼ਿਰੋਜ਼ਪੁਰ ਵਿੱਚ ਕਿਸਾਨ ਆਗੂਆਂ ਤੇ ਪਾਇਆ ਕੇਸ ਵਾਪਸ ਲਿਆ ਜਾਵੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਰਣਬੀਰ ਸਿੰਘ ਰਾਣਾ, ਧਰਮ ਸਿੰਘ ਸਿੱਧੂ,ਨਰਿੰਦਰਪਾਲ ਸਿੰਘ ਜਤਾਲਾ ਨੇ ਕਿਹਾ ਕਿ R.P.F ਦੇ ਡਿਪਟੀ ਕਮਾਂਡੈਂਟ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਲੋਅਰ ਕੋਰਟ ਵਿੱਚ ਪਾਇਆ ਕੇਸ ਵਾਪਸ ਲੈ ਲਿਆ ਜਾਵੇਗਾ ਤੇ ਚੇਅਰ ਰੇਲਵੇ ਬੋਰਡ ਦਿੱਲੀ ਨੂੰ 13 ਪਰਚੇ ਰੱਦ ਕਰਨ ਲਈ ਪੰਜਾਬ ਸਰਕਾਰ ਦੇ ਗ੍ਰਹਿ ਸਕੱਤਰ ਵੱਲੋਂ ਲਿਖੀ ਚਿੱਠੀ ਦੇ ਆਧਾਰ ਉੱਤੇ ਸਾਡੇ ਦਫ਼ਤਰ ਵੱਲੋਂ ਵੀ ਸਿਫਾਰਸ਼ ਕੀਤੀ ਜਾਵੇਗੀ। ਉਕਤ ਪਰਚਿਆਂ ਬਾਰੇ 12 ਫਰਵਰੀ ਕਿਸਾਨ ਭਵਨ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਵਿੱਚ ਵੀ ਚਰਚਾ ਹੋਈ ਸੀ ਤੇ A.D.G.p ਲਾਅ ਐਂਡ ਆਰਡਰ ਈਸ਼ਰ ਸਿੰਘ ਦੀ ਡਿਊਟੀ ਲਗਾਈ ਗਈ ਸੀ ਕਿ R.P.F ਫਿਰੋਜ਼ਪੁਰ ਦੇ ਕਮਾਂਡੈਂਟ ਨਾਲ ਰਾਬਤਾ ਕਰਕੇ ਉਕਤ ਮਸਲੇ ਦਾ ਹੱਲ ਕੱਢਿਆ ਜਾਵੇ ਤੇ ਉਨ੍ਹਾਂ ਦੀ ਤਰਫੋਂ S.S.P ਫ਼ਿਰੋਜ਼ਪੁਰ ਭੁਪਿੰਦਰ ਸਿੰਘ ਜੀ ਨੇ R.P.F ਦੇ ਅਧਿਕਾਰੀਆਂ ਨਾਲ ਰਾਬਤਾ ਕਰਕੇ ਉਕਤ ਪਰਚੇ ਵਾਪਸ ਲੈਣ ਤੇ ਰੱਦ ਕਰਨ ਲਈ ਕਿਹਾ ਸੀ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਜੇਕਰ 25 ਫਰਵਰੀ ਤੱਕ ਉਕਤ ਪਰਚੇ ਅਦਾਲਤ ਵਿੱਚੋਂ ਵਾਪਸ ਲੈ ਕੇ ਰੱਦ ਨਾ ਕੀਤੇ ਤਾਂ 26 ਫਰਵਰੀ ਨੂੰ R.P.F ਕਮਾਂਡੈਂਟ ਦੇ ਦਫਤਰ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।ਇਸ ਮੌਕੇ ਗੁਰਦਿਆਲ ਸਿੰਘ ਟਿੱਬੀ ਕਲਾਂ, ਜਸਵੰਤ ਸਿੰਘ ਸਰੀਂਹ ਵਾਲਾ,ਬੂਟਾ ਸਿੰਘ ਕਰੀਆਂ, ਸੁਖਦੇਵ ਸਿੰਘ ਆਤੂਵਾਲਾ, ਰਣਜੀਤ ਸਿੰਘ ਚੱਕ ਸ਼ਿਗਾਰ, ਗੁਰਮੇਲ ਸਿੰਘ ਚੱਪਾ ਅੜਿੱਕੀ, ਗੁਰਮੀਤ ਸਿੰਘ ਚੱਬਾ, ਗੁਰਨਾਮ ਸਿੰਘ ਅਲੀਕੇ,ਸੁਖਦੇਵ ਸਿੰਘ ਕਸ਼ਮੀਰ ਸਿੰਘ ਲੱਖਾ ਸਿੰਘ ਵਾਲਾ ਆਦਿ ਨੇ ਵੀ ਮੀਟਿੰਗ ਨੂੰ ਸਬੰਧ ਕੀਤਾ।