ਕਿਸਾਨ ਮਜ਼ਦੂਰ ਸ਼ਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ, ਮੀਤ ਪ੍ਰਧਾਨ ਰਣਬੀਰ ਸਿੰਘ ਰਾਣਾ ਦੀ ਅਗਵਾਈ ਹੇਠ ਕਿਸਾਨ ਵਫਦ ਵੱਲੋਂ ਅੱਜ SSP ਫ਼ਿਰੋਜ਼ਪੁਰ ਵਿਵੇਕ ਸ਼ੀਲ ਸੋਨੀ ਨਾਲ ਮੀਟਿੰਗ ਕੀਤੀ। ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਏ ਕਿਸਾਨ ਕਸ਼ਮੀਰ ਸਿੰਘ ਵਸਤੀ ਪਾਲ ਸਿੰਘ ਵਾਲੀ ਦੀ ਨਹਿਰ ਵਿੱਚ ਲਾਸ਼ ਲੱਭਣ ਤੇ ਖੁਦਕੁਸ਼ੀ ਨੋਟ ਵਿੱਚ ਲਿਖੇ ਦੋਸ਼ੀਆਂ ਉੱਤੇ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਲਿਖਤੀ ਮੰਗ ਪੱਤਰ SSP ਫਿਰੋਜ਼ਪੁਰ ਤੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਦਿੱਤਾ। ਇਸ ਮੌਕੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ 24 ਜਨਵਰੀ ਨੂੰ ਖੁਦਕੁਸ਼ੀ ਕਰ ਗਏ ਕਿਸਾਨ ਕਸ਼ਮੀਰ ਸਿੰਘ ਦੀ ਲਾਸ਼ ਅਜੇ ਤੱਕ ਨਹਿਰ ਵਿਚੋਂ ਲੱਭਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨਾਕਾਮ ਸਾਬਤ ਹੋਇਆ ਹੈ, ਇਸ ਲਈ 30 ਲੱਖ ਦੇ ਲੱਗਭਗ ਆੜ੍ਹਤੀਆਂ ਤੇ ਬੈਂਕਾਂ ਦਾ ਕਰਜਾਈ ਕਿਸਾਨ ਦੀ ਲਾਸ਼ ਲੱਭਣ ਦੇ ਯਤਨ ਕੀਤੇ ਜਾਣ, ਜੇਕਰ ਕੋਈ ਹੋਰ ਥਿਊਰੀ ਹੈ ਤਾਂ ਉਸ ਨੂੰ ਵੀ ਲੋਕਾਂ ਸਾਹਮਣੇ ਸੱਚ ਦੇ ਰੂਪ ਵਿੱਚ ਲਿਆਂਦਾ ਜਾਵੇ।
ਥਾਣਾ ਮੱਲਾਂਵਾਲਾ ਵਿੱਚ 2/20 ਵੀ ਐੱਫ.ਆਈ.ਆਰ ਅਧੀਨ ਪਰਚੇ ਵਿੱਚ ਸ਼ਾਮਲ ਤਿੰਨ ਦੋਸ਼ੀਆਂ ਦੀ ਤਰ੍ਹਾਂ ਏ.ਐੱਸ.ਆਈ ਲਾਲ ਸਿੰਘ ਵੱਲੋਂ ਮ੍ਰਿਤਕ ਨੂੰ ਫੋਨਾਂ ਦੀ ਡਿਟੇਲ ਕਢਵਾਈ ਜਾਵੇ, ਜੇਕਰ ਧਮਕੀਆਂ ਦਿੱਤੀਆਂ ਸਾਬਤ ਹੁੰਦੀਆਂ ਹਨ ਤਾਂ ਉਕਤ ਏ. ਐੱਸ. ਆਈ ਨੂੰ ਵੀ ਪਰਚੇ ਵਿੱਚ ਸ਼ਾਮਲ ਕੀਤਾ ਜਾਵੇ । ਮਿ੍ਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ, ਇਕ ਜੀਅ ਨੂੰ ਸਰਕਾਰੀ ਨੌਕਰੀ ਤੇ ਉਸਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ, ਮ੍ਰਿਤਕ ਕਿਸਾਨ ਦੇ ਵੱਡੇ ਲੜਕੇ ਜਸਵੰਤ ਸਿੰਘ ਦੀ ਕੈਂਸਰ ਦੀ ਬਿਮਾਰੀ ਦਾ ਇਲਾਜ ਵੀ ਸਰਕਾਰ ਵੱਲੋਂ ਕਰਵਾਇਆ ਜਾਵੇ। SSP ਨੇ ਕਿਸਾਨ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਕੇਸ ਦੀ ਉੱਚ ਪੱਧਰੀ ਜਾਂਚ ਚੱਲ ਰਹੀ ਹੈ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਲਾਸ਼ ਲੱਭਣ ਲਈ ਹੋਰ ਵਸੀਲੇ ਜੁਟਾਏ ਜਾ ਰਹੇ ਹਨ ਤੇ ਪੰਜਾਬ ਸਰਕਾਰ ਨਾਲ ਸਬੰਧਤ ਤੁਹਾਡੀਆਂ ਮੰਗਾਂ ਮੁੱਖ ਮੰਤਰੀ ਪੰਜਾਬ ਨੂੰ ਭੇਜ ਦਿੱਤੀਆਂ ਜਾਣਗੀਆਂ।