ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਅਦਾਕਾਰਾ ਆਲੀਆ ਭੱਟ ਦੇ ਵਿਆਹ ਨੂੰ ਲੈ ਕੇ ਲਗਾਤਾਰ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਦੋਵੇਂ ਇਸ ਮਹੀਨੇ ਵਿਆਹ ਕਰਨ ਜਾ ਰਹੇ ਹਨ। ਹਾਲਾਂਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਵਿਆਹ ਕਿਸ ਤਰੀਕ ਨੂੰ ਹੈ, ਇਸ ਨੂੰ ਲੈ ਕੇ ਸ਼ਸ਼ੋਪੰਜ ਅਜੇ ਵੀ ਬਰਕਰਾਰ ਹੈ। ਇਸ ਦੇ ਬਾਵਜੂਦ ਹਰ ਰੋਜ਼ ਇਸ ਬਾਰੇ ਅਫ਼ਵਾਹਾਂ ਉੱਡ ਰਹੀਆਂ ਹਨ। ਹੁਣ ਤਕ ਇਨ੍ਹਾਂ ਦੇ ਵਿਆਹ ਦੀਆਂ ਕਈ ਤਰੀਕਾਂ ਸਾਹਮਣੇ ਆ ਚੁੱਕੀਆਂ ਹਨ।
ਇਸ ਦੌਰਾਨ ਆਲੀਆ ਭੱਟ ਦੇ ਅੰਕਲ ਰੌਬਿਨ ਭੱਟ ਨੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਸਹੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਵੀਰਵਾਰ ਯਾਨੀ 14 ਅਪ੍ਰੈਲ ਨੂੰ ਵਿਆਹ ਦੇ ਬੰਧਨ ’ਚ ਬੱਝ ਜਾਣਗੇ। ਰੌਬਿਨ ਭੱਟ ਨੇ ਆਪਣੇ ਵਿਆਹ ਤੋਂ ਪਹਿਲਾਂ ਅੰਗਰੇਜ਼ੀ ਵੈੱਬਸਾਈਟ ਮਿਡ ਡੇ ਨਾਲ ਗੱਲ ਕੀਤੀ। ਇਸ ਦੌਰਾਨ ਉਸਨੇ ਕਿਹਾ, ‘ਮੈਨੂੰ ਵਿਆਹ ਦੀ ਤਰੀਕ ’ਚ ਕਿਸੇ ਬਦਲਾਅ ਜਾਂ ਸੁਰੱਖਿਆ ਦੇ ਕਿਸੇ ਮੁੱਦੇ ਬਾਰੇ ਪਤਾ ਨਹੀਂ ਹੈ। ਮੈਨੂੰ ਤਬਦੀਲੀ ਬਾਰੇ ਸੂਚਿਤ ਨਹੀਂ ਕੀਤਾ ਗਿਆ। ਜਿੱਥੋਂ ਤੱਕ ਮੈਨੂੰ ਪਤਾ ਹੈ, ਉਨ੍ਹਾਂ ਦਾ ਵਿਆਹ ਤੈਅ ਪ੍ਰੋਗਰਾਮ ਅਨੁਸਾਰ 14 ਅਪ੍ਰੈਲ ਨੂੰ ਹੀ ਹੋ ਰਿਹਾ ਹੈ, 20 ਅਪ੍ਰੈਲ ਨੂੰ ਨਹੀਂ।
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਕੁਝ ਮੀਡੀਆ ਰਿਪੋਰਟਾਂ ਨੇ ਦਾਅਵਾ ਕੀਤਾ ਸੀ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਅਪ੍ਰੈਲ ਦੇ ਦੂਜੇ ਹਫ਼ਤੇ ਵਿਆਹ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਆਲੀਆ ਦੇ ਭਰਾ ਰਾਹੁਲ ਭੱਟ ਨੇ ਦਿੱਤੀ। ਇਕ ਮੀਡੀਆ ਹਾਊਸ ਨਾਲ ਗੱਲਬਾਤ ਕਰਦਿਆਂ ਰਾਹੁਲ ਭੱਟ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਭੈਣ ਦਾ ਵਿਆਹ 13 ਅਪ੍ਰੈਲ ਜਾਂ 14 ਅਪ੍ਰੈਲ ਨੂੰ ਨਹੀਂ ਹੋਣ ਵਾਲਾ। ਉਸ ਨੇ ਕਥਿਤ ਤੌਰ ’ਤੇ ਦੱਸਿਆ ਹੈ ਕਿ ਆਲੀਆ ਅਤੇ ਰਣਬੀਰ ਨੇ ਆਪਣੇ ਵਿਆਹ ਦੀ ਤਰੀਕ ਬਦਲਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਜਾਣਕਾਰੀ ਮੀਡੀਆ ਨੂੰ ਲੀਕ ਹੋ ਗਈ ਹੈ।ਹਾਲਾਂਕਿ ਨਾ ਤਾਂ ਰਣਬੀਰ ਕਪੂਰ ਅਤੇ ਨਾ ਹੀ ਆਲੀਆ ਭੱਟ ਨੇ ਅਧਿਕਾਰਤ ਤੌਰ ’ਤੇ ਵਿਆਹ ਦੀ ਤਰੀਕ ਦਾ ਖੁਲਾਸਾ ਕੀਤਾ ਹੈ।
ਸ਼ੁਰੂਆਤੀ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦੋਵੇਂ 17 ਅਪ੍ਰੈਲ ਨੂੰ ਵਿਆਹ ਕਰਨ ਜਾ ਰਹੇ ਸਨ, ਜਿਸ ਦਾ ਕਾਰਨ ਆਲੀਆ ਭੱਟ ਦੇ ਨਾਨਾ ਨਰਿੰਦਰਨਾਥ ਰਾਜਦਾਨ ਦੀ ਸਿਹਤ ਦੱਸੀ ਜਾ ਰਹੀ ਹੈ। ਹਾਲਾਂਕਿ ਕੁਝ ਸਮੇਂ ਬਾਅਦ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀ ਤਰੀਕ ਨੂੰ ਲੈ ਕੇ ਨਵੀਆਂ ਅਫ਼ਵਾਹਾਂ ਉੱਡਣੀਆਂ ਸ਼ੁਰੂ ਹੋ ਗਈਆਂ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਇਸ ਬਾਲੀਵੁੱਡ ਸਟਾਰ ਜੋੜੇ ਨੇ 14 ਅਪ੍ਰੈਲ ਨੂੰ ਸੱਤ ਫੇਰੇ ਲੈਣੇ ਹਨ।