PreetNama
ਖਾਸ-ਖਬਰਾਂ/Important News

ਕਿੱਥੇ ਗਈਆਂ ਉਹ ਬਾਂਤਾ ਤੇ ਕਿੱਥੇ ਗਈਆਂ ਉਹ ਰਾਤਾਂ 

ਯਾਦਾਂ ਦੀ ਪਿਟਾਰੀ( ਭਾਗ-1)

ਬੜਾ ਯਾਦ ਆਉਦਾ ਉਹ ਵਕਤ ਤੇ ਜਦੋਂ ਵੀ ਯਾਦ ਆਉਂਦਾ ਕਲ਼ੇਜੇ ਨੂੰ ਇੱਕ ਧੂਹ ਜਿਹੀ ਪਾ ਜਾਂਦਾ । ਏਦਾਂ ਲਗਦਾ ਜਿਵੇਂ ਕੱਲ ਦੀਆ ਹੀ ਗੱਲਾਂ ਹੋਣ  ਤੇ ਕਦੀ ਲਗਦਾ ਜਿਵੇਂ ਬੀਤਿਆ ਸੁਨਹਿਰੀ ਯੁੱਗ । ਉਂਝ  ਕੋਈ ਬਹੁੱਤਾ ਸਮਾ ਨਹੀਂ ਮਿਲਿਆਂ ਬਚਪਨ ਜਿਉਣ ਦਾ ਪਰ ਜਿਨਾ ਮਿਲਿਆਂ ਸੱਚ ਜਾਣਿਓ ਬਾਦਸ਼ਾਹੀ ਰਾਜ ਜਾਪਦਾ ਸੀ ।
ਯਾਦ ਹੈ ਘਰ ਦਾ ਉਹ ਵੱਡਾ ਸਾਰਾ ਵਿਹੜਾ ਜਿੱਥੇ ਦੋ ਬਰਾਤਾਂ ਅਸਾਨੀ ਨਾਲ ਢੁੱਕ ਸਕਦੀਆਂ ਸੀ । ਵਿਹੜਾ ਕਹਿ ਲਵੋ ਜਾ ਵੱਡੀ ਸਾਰੀ ਹਵੇਲੀ ਗੱਲ ਇੱਕੋ ਸੀ । ਵੱਡਾ ਸਾਰਾ ਘਰ ਤੇ ਵਿੱਚ ਵਸਦਾ ਵੱਡਾ ਸਾਰਾ ਪਰਿਵਾਰ । ਪਰਿਵਾਰ ਜਿਸ ਵਿੱਚ ਪੜਦਾਦਾ ਜੀ, ਪੜਦਾਦੀ ਜੀ, ਦਾਦਾ ਜੀ, ਦਾਦੀ ਜੀ, ਮਾਤਾ- ਪਿਤਾ, ਚਾਚੇ-ਚਾਚੀਆਂ ਅਤੇ ਅਸੀਂ ਸਾਰੇ ਨਿੱਕੇ ਨਿੱਕੇ ਨਿਆਣੇ । ਗੱਲ ਕੀ ਬੱਸ ਰੋਣਕਾ ਹੀ ਰੋਣਕਾ ਰਹਿੰਦੀਆਂ ਸਨ ਵਿਹੜੇ ਵਿੱਚ ਤੇ ਇਹ ਰੋਣਕਾ ਹੋਰ ਵੀ ਵੱਧ ਗਈਆਂ ਜਦੋਂ ਆਲੇ ਦੁਆਲੇ ਦੇ ਕੁੱਝ ਬਜ਼ੁਰਗ ਤੇ ਬੀਬੀਆਂ ਸਾਡੇ ਪਿਤਾ ਜੀ ਦੇ ਕਹਿਣ ਤੇ ਸ਼ਾਮ ਨੂੰ ਸਾਡੇ ਨਾਲ ਸਾਡੇ ਘਰ ਹੀ ਖਾਣਾ ਸ਼ੁਰੂ ਕਰ ਦਿੱਤਾ । ਕਿਉਂਕਿ ਉਹਨਾਂ ਦੇ ਕੋਈ ਅੋਲਾਦ ਨਹੀਂ ਸੀ ਤੇ ਕਈਆ ਦੀ ਅੋਲਾਦ ਹੋ ਕੇ ਵੀ ਵਿਚਾਰੇ ਬੇਆਸਰਾ ਸਨ।
ਹੁਣ ਸਾਨੂੰ ਸਾਡਾ ਘਰ ਘਰ ਨਹੀਂ ਬਲਕਿ ਇੱਕ ਛੋਟਾ ਜਿਹਾ ਗੁਰੂਦੁਆਰਾ ਜਾਪਦਾ ਸੀ । ਜਿੱਥੇ ਸਾਰਾ ਦਿਨ ਲੰਗਰ ਚੱਲਦਾ ਸੀ । ਘਰ ਦੀਆ ਜ਼ਨਾਨੀਆਂ ਰਸੋਈ ਦੇ ਆਹਰ ਲੱਗੀਆਂ ਹੁੰਦੀਆਂ ਤੇ ਅਸੀਂ ਬਜ਼ੁਰਗ ਭੂਆ ਜਿਸਨੂੰ ਸਭ ਬੰਗਾਲਣ ਭੂਆ ਕਹਿੰਦੇ ਸਨ ਤੇ ਨਾਨੀ ਪ੍ਰਸਿਨੋ ਨਾਲ ਮਿੱਠੀਆਂ ਮਿੱਠੀਆਂ ਛੇੜਖ਼ਾਨੀਆਂ ਕਰਨ ਵਿੱਚ ਮਸਤ । ਸ਼ਾਮ ਨੂੰ ਪੜਦਾਦੀ ਜੀ ਪਾਠ ਕਰਦੇ ਤੇ ਚਾਚੀ ਭਜਨ ਕੋਰ ਰੇਡਿਉ ਤੇ ਅਕਾਸਵਾਣੀ ਚੈਨਲ ਲਗਾ ਕੇ ਗੁਰਬਾਣੀ ਕੀਰਤਨ ਚਲਾ ਦੇਂਦੇ । ਸਵਰਗ ਤੋਂ ਸੋਹਣੀ ਸ਼ਾਮ ਜਾਪਦੀ ਸੀ ।
ਵੱਡੇ ਛੋਟੇ ਸਭ ਨੂੰ ਰਾਤ ਹੋਣ ਦਾ ਇੰਤਜ਼ਾਰ ਹੁੰਦਾ ਕਿਉਕਿ ਰਾਤ ਨੂੰ ਸੋਣ ਤੋਂ ਪਹਿਲਾ ਦਾਦਾ ਜੀ ਲੰਬੀਆ ਲੰਬੀਆ ਕਹਾਣੀਆਂ ਜੋ ਸੁਣਨੀਆਂ ਹੁੰਦੀਆਂ ਸਨ     । ਖਾਣਾ ਪੀਣਾ ਖਤਮ ਕਰ ਕੇ ਸਾਰਾ ਪਰਿਵਾਰ ਦਾਦਾ ਜੀ ਮੰਜੇ ਦੁਆਲੇ ਇਕੱਠਾ ਹੋ ਜਾਂਦਾ । ਮਾਂ  ਤੇ ਚਾਚੀਆ  ਵੀ ਚੋਕੀਆ ਡਾਹ ਕੇ ਇੱਕ ਪਾਸੇ ਬੈਠ ਜਾਂਦੀਆ । ਦਾਦਾ ਜੀ ਇੱਕ ਸ਼ਰਤ ਹੂੰਦੀ ਕਿ ਕਹਾਣੀ ਤਾਂ ਸੁਣਾਉਣਗੇ ਜੇਕਰ ਅਸੀਂ ਸਾਰੇ ਬੱਚੇ ਹੁੰਗਾਰਾ ਭਰਾਂਗੇ ।
ਸੋ ਦਾਦਾ ਜੀ ਜਦੋਂ ਲਾਲ ਬਾਦਸ਼ਾਹ ਵਰਗੀ ਲੰਬੀ ਕਹਾਣੀ ਸੁਣਾਉਣਾ ਸ਼ੁਰੂ ਕਰਦੇ ਤਾਂ ਸਾਡੇ ਹੂ ਹੂ ਦੇ ਹੂਗਾਰੇ ਵੀ ਸ਼ੁਰੂ ਹੋ ਜਾਂਦੇ ਤੇ ਪਤਾ ਨਹੀ ਹੂ ਹੂ ਕਰਦੇ ਕਦੋਂ ਅਸੀਂ ਸੁਪਨਿਆਂ ਵਿੱਚ ਪਹੁੰਚ ਜਾਂਦੇ । ਸੁਵੱਖਤੇ ਹੀ ਪਤਾ ਲਗਦਾ ਕਿ ਅਸੀਂ ਤਾਂ  ਕਹਾਣੀ ਦੇ ਅੱਧ- ਵਿਚਾਲੇ ਹੀ ਸੋ ਗਏ ਸੀ । ਸਿਵਜੀ ਮਹਾਰਾਜ ਜੀ ਦੀ ਚੁੱਪ ਤੇ ਉਗਨੂ- ਮੂਗਨੂ ਮੇਰੀ ਪੋਪੀ ਧੀ ਵਾਲੀ ਕਹਾਣੀ ਜੋ ਮੇਰੇ ਮਾਂ ਜੀ ਸੁਣਾਉਂਦੇ ਸਨ  ਉਹ ਕਹਾਣੀ ਤਾਂ ਸਾਡੇ ਤਿੰਨਾਂ ਭੈਣਾਂ ਲਈ ਖ਼ਾਨਦਾਨੀ ਕਹਾਣੀ ਬਣ ਗਈ ਹੋਵੇ । ਮੈ ਆਪਣੇ ਸਾਰੇ ਵਿਦਿਆਰਥੀਆ ਨੂੰ ਵੀ ਇਹ ਦੋਵੇਂ ਕਹਾਣੀਆਂ ਏਨੇ ਵਾਰ ਸੁਣਾਈਆਂ ਕਿ ਬੱਚਿਆ ਨੂੰ ਵੀ ਕੰਠ ਹੋ ਗਈਆਂ ਸਨ । ਮੇਰੇ ਪੜਦਾਦੀ ਜੀ ਸਿਰਫ ਗੁਰੂ ਘਰ ਦੀਆ ਸਾਖੀਆਂ ਸੁਣਾਉਂਦੇ ਸੀ ਬੜੇ ਰੋਚਕ ਤਰੀਕੇ ਤੇ ਸ਼ਰਧਾ ਭਾਵਨਾ ਨਾਲ।
ਬੜੇ ਹਸੀਨ ਦਿਨ ਸੀ ਉਹ । ਚਾਨਣੀ ਰਾਤ ਵਿੱਚ  ਕਿੰਨੀ ਕਿੰਨੀ ਦੇਰ ਤੱਕ ਗਲ਼ੀਆਂ ਵਿੱਚ ਖੇਡਣਾ । ਕਾਲੀ ਰਾਤ ਵਿੱਚ ਚਮਕਦੇ ਤਾਰੇ ਗਿਣਨਾ ਤੇ ਸਪਤ-ਰਿਸ਼ੀ ਤਾਰੇ ਲੱਭਣਾ । ਘਰਦਿਆ ਦੀਆ ਮਿੱਠੀਆਂ ਮਿੱਠੀਆਂ ਝਿੜਕਾਂ ਵੀ ਸੁਣਨਾ ਤੇ ਮਾਂ ਗੋਦੀ ਦਾ ਨਿੱਘ ਵੀ ਮਾਣਨਾ । ਕਾਨਿਆਂ ਦੀ ਕਲਮਾ ਘੜ ਕੇ ਟਿੱਕੀ ਵਾਲੀ ਸਿਆਹੀ ਨਾਲ ਜਦੋਂ ਮੈ ਫੱਟੀ ਤੇ ਲਿਖਣਾ ਤਾਂ ਦਾਦਾ ਜੀ ਨੇ ਪੂਰਾ ਇੱਕ ਰੁਪਈਆ ਮੇਰੇ ਹੱਥ ਰੱਖਣਾ ਤੇ ਖੁੱਸ਼ ਹੋ ਕੇ ਕਹਿਣਾ ਮੇਰੀ ਧੀ ਮੇਰੇ ਵਾਂਗ ਡਾਕਟਰ ਬਣੇਗੀ । ਉਦੋਂ ਇੱਕ ਰੁਪਈਆ ਵੀ ਇੱਕ ਸੋ ਦੇ ਬਰਾਬਰ ਜਾਪਦਾ ਸੀ ਕਿਉਂਕਿ ਮੇਰੀਆਂ ਬਹੁੱਤੀਆ ਸਹੇਲੀਆਂ ਨੂੰ ਵੀਹ ਪੱਚੀ ਪੈਸੇ ਤੋਂ ਕਦੇ ਜ਼ਿਆਦਾ ਨਹੀਂ ਸੀ ਮਿਲੇ । ਮੁਹੱਲੇ ਵਿੱਚ ਸਭ ਤੋਂ ਪਹਿਲਾ ਟੈਲੀਵਿਯਨ ਸਾਡੇ ਘਰ ਲੱਗਾ ਤਾਂ ਸ਼ਾਮ ਨੂੰ ਸਾਡੇ ਘਰੇ ਸਾਰੇ ਮੁਹੱਲੇ ਦੇ ਬੱਚਿਆ ਦਾ ਇਕੱਠ ਹੋਣ ਲੱਗਾ ਤੇ ਮੈਨੂੰ ਇੰਝ ਲਗਦਾ ਜਿਵੇਂ ਸਾਡਾ ਘਰ ਦੁਨੀਆ ਦਾ ਸਭ ਤੋਂ ਅਮੀਰ ਹੋਵੇ ਤੇ ਵਿੱਚ ਵਸਦੇ ਜੀਅ ਫ਼ਰਿਸ਼ਤੇ ਹੋਣ ।
ਪਾਪਾ ਜਿੱਥੇ ਸੰਤ ਰੂਪ ਸਨ ਉੱਥੇ ਹੀ ਦਾਦਾ ਜੀ ਪੂਰੇ ਥਾਣੇਦਾਰੀ ਰੋਅਬ ਵਾਲੇ । ਮੁਹੱਲੇ ਦੇ ਗੱਭਰੂ, ਅੋਰਤਾ ਤੇ ਬੱਚੇ ਹੀ ਨਹੀਂ ਬਜ਼ੁਰਗ ਵੀ ਪੂਰਾ ਡਰਦੇ ਸਨ । ਗੱਲ ਕੀ ਕਿਸੇ ਦੀ ਹਿੰਮਤ ਸੀ ਕਿ ਕੋਈ ਕਿਸੇ ਦੀ ਧੀ ਭੈਣ ਵੱਲ ਵੇਖ ਕੇ ਖੰਘ ਵੀ ਜਾਵੇ ਜਾ ਕੋਈ ਗੁਸਤਾਖ਼ੀ ਕਰ ਜਾਵੇ ।ਸੰਯੁਕਤ ਪਰਿਵਾਰਾਂ ਤੇ ਵੱਡੇ ਵਿਹੜਿਆ ਵਾਲਾ ਮੁਹੱਲਾ ਖੁਸ਼ੀਆਂ ਦੀ ਮਿਸਾਲ ਸੀ । ਪਰ ਅਫ਼ਸੋਸ ਬਦਲਦੇ ਸਮੇ ਨੇ ਸਭ ਕੁੱਝ ਬਦਲ ਦਿੱਤਾ ਹੈ । ਬਜੁਰਗਾ ਦੇ ਗੁਜ਼ਰਦਿਆਂ ਹੀ ਵੱਡੇ ਵਿਹੜੇ ਵਿੱਚ ਪਹਿਲਾ ਚਾਰ ਕੰਧਾ ਹੋਈਆ ਸਨ । ਇੱਕ ਵੱਡਾ ਚੁੱਲਾ ਚਾਰ ਚੁਲ਼ਿਆਂ ਵਿੱਚ ਬਦਲ ਗਿਆ । ਮੁਹੱਲੇ ਦੇ ਸਾਰੇ ਵਿਹੜੇ ਵੀ ਟੁਕੜੀਆਂ ਵਿੱਚ ਵੱਡੇ ਗਏ । ਜਿੱਥੇ ਸਾਰਾ ਮੁਹੱਲਾ ਮੇਰੇ ਦਾਦਾ ਜੀ ਅੱਗੇ ਇਜ਼ਤ ਨਾਲ ਸਿਰ ਝੁਕਾਉਂਦਾ ਸੀ ਉੱਥੇ ਹੁਣ ਬੱਚਿਆ ਨੇ ਆਪਣੇ ਹੀ ਮਾਂ ਬਾਪ ਤੋਂ ਮੋਹ ਤੋੜਨਾ ਸ਼ੁਰੂ ਕਰ ਦਿੱਤਾ । ਸੁਣਿਆ ਅੱਜ ਮੇਰੇ ਸਵਰਗ ਜਿਹੇ ਵਿਹੜੇ ਵਿੱਚ ਜਿੱਥੇ ਚਾਰ ਕੰਧਾ ਮੇਰੇ ਸਾਹਮਣੇ ਹੋਈਆ ਅੱਜ ਉਹਨਾਂ ਚਾਰਾਂ ਕੰਧਾ ਦੀਆ ਅੱਗੋਂ ਅੱਠ ਅੱਠ ਕੰਧਾ ਹੋਰ ਬਣ ਗਈਆਂ ਨੇ ਤੇ ਕੋਠੇ ਕੋਠੜੀਆਂ ਚ ਬਦਲ ਗਏ ਨੇ । ਕਹਿਣ ਨੂੰ ਪੱਥਰ ਨਾਲ ਸਜ ਗਏ ਨੇ ਉਹ ਕੁੱਲੇ ਪਰ ਵੱਸਣ ਵਾਲੇ ਜੀਅ ਤਾਂ ਪੱਥਰਾਂ ਨਾਲ਼ੋਂ ਵੀ ਸਖ਼ਤ ਹੋ ਚੁੱਕੇ ਨੇ । ਕੁੱਝ ਮੇਰੇ ਵਰਗੇ ਜੀਅ ਪਰਦੇਸੀ ਹੋ ਗਏ ਨੇ ਕੁੱਝ ਦੇਸ਼ ਰਹਿ ਕੇ ਵੀ ਪਰਦੇਸੀ ਜਾਪਦੇ ਨੇ । ਦਿਲਾਂ ਵਿੱਚ ਨਫ਼ਰਤਾਂ ਵੱਧ ਗਈਆਂ ਨੇ ਤੇ ਪਿਆਰ ਜਿਵੇਂ ਬਜ਼ੁਰਗਾਂ ਦੇ ਨਾਲ ਹੀ ਮਰ ਮੁੱਕ ਗਿਆ । ਜਿੱਥੇ ਅਸੀਂ ਆਪਣੀ ਦਾਦੀ ਛੱਡ ਪੜਦਾਦੀ ਦੀ ਗੋਦ ਦਾ ਨਿੱਘ ਵੀ ਮਾਣਿਆਂ ਉੱਥੇ ਅੱਜ ਮਾਂ ਦੀ ਲੋਰੀ ਵੀ ਬੋਰ ਲੱਗਣ ਲੱਗੀ ਹੈ ਬੱਚਿਆ ਨੂੰ । ਹੁਣ ਕੋਈ ਪੋਪੀ ਧੀ ਤੇ ਲਾਲ ਬਾਦਸ਼ਾਹ ਵਰਗੀਆਂ ਕਹਾਣੀਆਂ ਨਹੀਂ ਸੁਣਦਾ ਬਲਕਿ ਹੱਥਾਂ ਵਿੱਚ ਮੋਬਾਇਲ ਲੈ ਕੇ ਕੋਲ ਬੈਠੇ ਜੀਅ ਵੀ ਮੀਲਾਂ ਦੂਰ ਜਾਪਦੇ ਨੇ ।
ਸੁਣਿਆ ਹੁਣ ਪਹਿਲਾ ਵਾਂਗ ਲੰਗਰ ਨਹੀ ਲੱਗਦੇ ਸਗੋਂ ਘਰਾਂ ਦੀਆ ਅੋਰਤਾ ਆਪ ਹੀ ਪੀਜੇ, ਬਰਗਰਾ ਤੇ ਨਿਰਭਰ ਹੋ ਗਈਆਂ ਨੇ । ਹੁਣ ਗਲੀ ਮੁਹੱਲੇ ਦੇ ਨਿਆਣੇ ਇਕੱਠੇ ਹੋ ਕੇ ਟੈਲੀਵਿਯਨ ਨਹੀਂ ਦੇਖਦੇ ਕਿਉਂਕਿ ਟੀਵੀ ਸੀਰੀਅਲ ਦੀ ਆਦਤ ਨੇ ਅੋਰਤਾ ਨੂੰ ਟੀਵੀ  ਮੂਹਰੇ ਬੰਨ ਛੱਡਿਆਂ ਹੈ । ਨਿਆਣੇ ਹੁਣ ਵੀ ਗਲ਼ੀਆਂ ਵਿੱਚ ਖੇਡਦੇ ਨੇ ਪਰ ਬੁਰੀਆਂ ਖੇਡਾਂ ਤੇ ਨਸ਼ਿਆ ਨਾਲ । ਉੰਝ ਕਾਫ਼ੀ ਵਰੇ ਬੀਤ ਗਏ ਨੇ ਆਪਣਾ ਉਹ ਵਿਹੜਾ ਵੇਖਿਆਂ ਲਗਦਾ ਤਾਂ ਇੰਝ ਹੈ ਜਿਵੇਂ ਕਲ ਦੀਆ ਗੱਲ ਹੋਵੇ। ਇਟਰਨੈਟ ਨੇ ਵੀਡਿਓ ਕਾਲ ਵਰਗੀ ਸਹੂਲਤ ਤਾਂ ਦਿੱਤੀ ਹੈ ਪਰ ਪੱਥਰ ਦੇ ਮਕਾਨ ਤੇ ਪੱਥਰ ਜਿਹੇ ਇਨਸਾਨ ਵੇਖਣ ਵਾਲਾ ਪੱਥਰ ਦਿਲ ਕਿੱਥੋਂ ਲਿਆਵਾਂ । ਪੁਰਾਣੇ ਵੇਲੇ ਚੇਤੇ ਕਰਦਿਆਂ ਹੀ ਅੱਖਾਂ ਭਰ ਜਾਂਦੀਆਂ ਨੇ । ਕਾਸ਼ ਕਿ ਕੋਈ ਉਹ ਵੇਲੇ ਮੁੜ ਲਿਆ ਸਕਦਾ ਪਰ ਲੰਘਿਆ ਸਮਾ ਕਿੱਥੇ ਵਾਪਸ ਆਉਂਦਾ । ਚਲੋ ਨਾ ਆਵੇ ਪਰ ਘੱਟ ਤੋਂ ਘੱਟ ਲੋਕਾਂ ਵਿੱਚ ਉੱਹ ਹੀ ਆਪਸੀ ਸਾਂਝ ਪਿਆਰ ਤਾਂ ਪੈਦਾ ਹੋ ਜਾਵੇ । ਪੱਥਰ ਦੇ ਮਕਾਨਾਂ ਵਿੱਚ ਵੱਸਣ ਵਾਲੇ ਪੱਥਰ ਦਿਲ ਤਾਂ ਨਾ ਹੋਣ ।
ਮੇਰੀ ਤਾਂ ਵਾਹਿਗੁਰੂ ਅੱਗੇ ਬੱਸ ਇਹੋ ਅਰਜੋਈ ਹਰ ਵੇਲੇ ਕਿ ਹੇ ਮਾਲਕਾਂ ਮੇਰੇ ਸ਼ਹਿਰ ਤੇ ਵਤਨ ਦੀ ਰੋਣਕ ਮੋੜ ਲਿਆਂਦੇ । ਖਤਮ ਹੋ ਜਾਵੇ ਬਣਾਵਟੀਪਣ ਤੇ ਸੁਰਜੀਤ ਹੋ ਜਾਵੇ ਪੰਜਾਬ ਦਾ ਅਸਲੀ ਰੂਪ । ਪੈਲਾਂ ਪਾਉਂਦੇ ਮੋਰ, ਮੀਂਹ ਵਿੱਚ ਕੁਲਾਚਾ ਮਾਰਦੇ ਨਿਆਣੇ  ਤੇ ਉਹੀ ਖੁੱਲ੍ਹ ਵਿਹੜੇ ਵੱਡੇ ਤੇ ਪਿਆਰ ਭਰੇ ਟੱਬਰਾਂ ਵਾਲੇ ।

ਪ੍ਰਿਤਪਾਲ ਕੋਰ ਪ੍ਰੀਤ
ਮੁੱਖ ਸੰਪਾਦਕ

Related posts

ਕੱਚੇ ਮੁਲਾਜ਼ਮ ਨਿਰਾਸ਼, ਸੱਤ ਸੈਸ਼ਨ ਗਏ ਕੱਚੇ ਮੁਲਾਜ਼ਮ ਅਜੇ ਵੀ ਪੱਕੇ ਨਾ ਹੋਏ

Pritpal Kaur

ਪਹਿਲੀ ਵਾਰ 500 ਤੋਂ ਵੱਧ ਸ਼ਰਧਾਲੂਆਂ ਨੇ ਟੱਪਿਆ ਕਰਤਾਰਪੁਰ ਲਾਂਘਾ

On Punjab

‘ਤਾਈਵਾਨ ਨੂੰ ਮੁੱਖ ਭੂਮੀ ਚੀਨ ਨਾਲ ਦੁਬਾਰਾ ਜੋੜੇਗਾ ਬੀਜਿੰਗ’, ਸ਼ੀ ਜਿਨਪਿੰਗ ਨੇ ਅਮਰੀਕੀ ਰਾਸ਼ਟਰਪਤੀ ਬਾਇਡਨ ਨੂੰ ਦਿੱਤੀ ਚਿਤਾਵਨੀ

On Punjab