ishant sharma christchurch: ਕ੍ਰਾਈਸਟਚਰਚ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਨਿਊਜ਼ੀਲੈਂਡ ਖ਼ਿਲਾਫ਼ ਲੜੀ ਦੇ ਦੂਜੇ ਅਤੇ ਆਖਰੀ ਟੈਸਟ ਮੈਚ ਵਿੱਚ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੇ ਖੇਡਣ ‘ਤੇ ਸ਼ੱਕ ਦੇ ਬੱਦਲ ਛਾਏ ਹੋਏ ਹਨ। ਟੈਸਟ ਮੈਚ 29 ਫਰਵਰੀ ਤੋਂ ਹੈਗਲੀ ਓਵਲ ਮੈਦਾਨ ‘ਚ ਖੇਡਿਆ ਜਾਣਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਸ਼ਾਂਤ ਸ਼ਰਮਾ ਦੀ ਸੱਟ ਫਿਰ ਵੱਧ ਗਈ ਹੈ, ਜੋ ਇਸ਼ਾਂਤ ਦੇ 20 ਜਨਵਰੀ ਨੂੰ ਦਿੱਲੀ ਵਿੱਚ ਰਣਜੀ ਮੈਚ ਦੌਰਾਨ ਲੱਗੀ ਸੀ। ਇਸ਼ਾਂਤ ਦੇ ਕ੍ਰਾਈਸਟਚਰਚ ਵਿੱਚ ਦੂਜੇ ਟੈਸਟ ਮੈਚ ‘ਚ ਨਾ ਖੇਡਣ ‘ਤੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੂੰ ਮੌਕਾ ਮਿਲ ਸਕਦਾ ਹੈ।
31 ਸਾਲਾ ਇਸ਼ਾਂਤ ਨੂੰ ਅਰੁਣ ਜੇਤਲੀ ਸਟੇਡੀਅਮ ਵਿੱਚ ਵਿਦਰਭ ਖਿਲਾਫ ਰਣਜੀ ਟਰਾਫੀ ਮੈਚ (19-22 ਜਨਵਰੀ) ਦੌਰਾਨ ਗਿੱਟੇ ਦੀ ਸੱਟ ਲੱਗੀ ਸੀ। ਇਹ ਸੱਟ ਗਰੇਡ -3 ਦੀ ਸੀ, ਜਿਸ ਕਾਰਨ ਇਸ਼ਾਂਤ ਨੂੰ ਛੇ ਹਫ਼ਤਿਆਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ। ਪਰ ਇਸ਼ਾਂਤ ਨੂੰ ਚਾਰ ਹਫ਼ਤਿਆਂ ਵਿੱਚ ਫਿੱਟ ਦੱਸ ਕੇ ਵਾਪਿਸ ਬੁਲਾ ਲਿਆ ਗਿਆ ਸੀ।
ਇਸ਼ਾਂਤ ਨੇ ਨਿਊਜ਼ੀਲੈਂਡ ਦੌਰੇ ਦੇ ਪਹਿਲੇ ਟੈਸਟ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ, ਇਸ਼ਾਂਤ ਨੇ ਪਹਿਲੀ ਪਾਰੀ ਵਿੱਚ 5 ਵਿਕਟਾਂ ਲਈਆਂ ਸਨ। ਕ੍ਰਾਈਸਟਚਰਚ ਵਿੱਚ ਉਸ ਦੇ ਲਈ ਵਿਕਟਾਂ ਦਾ ਤੀਹਰਾ ਸੈਂਕੜਾ ਲਗਾਉਣ ਦਾ ਇੱਕ ਮੌਕਾ ਹੈ। ਇਸ਼ਾਂਤ ਨੇ ਹੁਣ ਤੱਕ 97 ਟੈਸਟ ਮੈਚਾਂ ਵਿੱਚ 297 ਵਿਕਟਾਂ ਲਈਆਂ ਹਨ।