ਹਾਥਰਸ ਦੀ ਪੁਲਿਸ ਨੇ ਗਦੇ ਦੀ ਲਿੱਦ ਤੇ ਐਸਿਡ ਦੀ ਵਰਤੋਂ ਕਰ ਸਥਾਨਕ ਬਰਾਂਡਾਂ ਦੇ ਮਸਾਲੇ ਬਣਾਉਣ ਵਾਲੀ ਇੱਕ ਨਿਰਮਾਣ ਯੂਨਿਟ ਦਾ ਭਾਂਡਾ ਫੋੜਿਆ ਹੈ। ਇਹ ਫੈਕਟਰੀ ਨਵੀਪੁਰ ਖੇਤਰ ‘ਚ ਸਥਿਤ ਹੈ ਅਤੇ ਸੂਚਨਾ ਮਿਲਣ ‘ਤੇ ਪੁਲਿਸ ਨੇ ਛਾਪਾ ਮਾਰਿਆ। ਫੈਕਟਰੀ ਦੇ ਮਾਲਕ ਅਨੂਪ ਵਰਾਸ਼ਣੇ, ਜੋ ਕਿ ਹਿੰਦੂ ਯੁਵਾ ਵਾਹਿਨੀ ਦਾ ਅਧਿਕਾਰੀ ਵੀ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਜੁਆਇੰਟ ਮੈਜਿਸਟਰੇਟ ਪ੍ਰੇਮ ਪ੍ਰਕਾਸ਼ ਮੀਨਾ ਨੇ ਕਿਹਾ, “ਅਸੀਂ ਕੁਝ ਸਥਾਨਕ ਬ੍ਰਾਂਡਾਂ ਦੇ ਨਾਮ ‘ਤੇ ਪੈਕ ਕੀਤੇ ਜਾ ਰਹੇ 300 ਕਿਲੋਗ੍ਰਾਮ ਤੋਂ ਵੱਧ ਨਕਲੀ ਮਸਾਲੇ ਬਰਾਮਦ ਕੀਤੇ ਹਨ।” ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਨਕਲੀ ਮਸਾਲੇ ਤਿਆਰ ਕਰਨ ਲਈ ਇਸਤੇਮਾਲ ਕਰਨ ਵਾਲੀਆਂ ਬਹੁਤ ਸਾਰੀਆਂ ਹਾਨੀਕਾਰਕ ਸਮੱਗਰੀਆਂ ਪਾਈਆਂ ਗਈਆਂ, ਜਿਨ੍ਹਾਂ ਵਿੱਚ ਗਧੇ ਦੀ ਲਿੱਦ, ਤੂੜੀ, ਕੈਮੀਕਲ ਕਲਰ ਅਤੇ ਐਸਿਡ ਨਾਲ ਭਰੇ ਡਰੱਮ ਸ਼ਾਮਿਲ ਹਨ। ਬਰਾਮਦ ਕੀਤੇ ਮਿਲਾਵਟੀ ਮਸਾਲੇ ਵਿੱਚ ਧਨੀਆ ਪਾਊਡਰ, ਲਾਲ ਮਿਰਚ ਪਾਊਡਰ, ਹਲਦੀ ਅਤੇ ਗਰਮ ਮਸਾਲਾ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ 27 ਤੋਂ ਵੱਧ ਸੈਂਪਲ ਜਾਂਚ ਲਈ ਭੇਜੇ ਗਏ ਹਨ ਅਤੇ ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਤਹਿਤ ਐਫਆਈਆਰ ਦਰਜ ਕੀਤੀ ਜਾਏਗੀ। ਵਰਾਸ਼ਣੇ ਨੂੰ ਸੀਆਰਪੀਸੀ ਦੀ ਧਾਰਾ 151 ਅਧੀਨ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਮੀਨਾ ਨੇ ਕਿਹਾ ਕਿ ਵਰਾਸ਼ਣੇ ਮਸਾਲਾ ਫੈਕਟਰੀ ਚਲਾਉਣ ਲਈ ਲਾਇਸੈਂਸ ਦਿਖਾਉਣ ‘ਚ ਅਸਫਲ ਰਿਹਾ ਸੀ ਜਿਥੇ ਇਸ ਨੂੰ ਚਲਾਇਆ ਜਾ ਰਿਹਾ ਸੀ। ਉਹ ਉਨ੍ਹਾਂ ਬ੍ਰਾਂਡਾਂ ਦੇ ਲਾਇਸੈਂਸ ਵੀ ਨਹੀਂ ਦਿਖਾ ਸਕਿਆ ਜੋ ਪੈਕ ਕੀਤੇ ਜਾ ਰਹੇ ਸੀ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮਸਾਲੇ ਬਣਾਉਣ ਲਈ ਯੂਨਿਟ ‘ਚ ਤਿਆਰ ਕੀਤੀ ਗਈ ਸਮੱਗਰੀ ਸ਼ਹਿਰ ਦੀਆਂ ਹੋਰ ਇਕਾਈਆਂ ਨੂੰ ਦਿੱਤੀ ਗਈ ਹੈ ਜਾਂ ਨਹੀਂ।