ਚੀਨ ਨਾਲ ਸਾਂਝ ਪਾ ਚੁੱਕੇ ਪਾਕਿਸਤਾਨ ਦੇ ਰੁਖ਼ ’ਚ ਇਕ ਵੱਡਾ ਬਦਲਾਅ ਦਿਖਾਉਂਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਾਫ਼ ਕਿਹਾ ਕਿ ਉਹ ਅਫ਼ਗਾਨਿਸਤਾਨ ’ਚ ਕਿਸੇ ਵੀ ਤਰ੍ਹਾਂ ਦੇ ਹਮਲੇ ਲਈ ਅਮਰੀਕੀ ਫ਼ੌਜ ਨੂੰ ਆਪਣਾ ਕੋਈ ਵੀ ਫ਼ੌਜੀ ਅੱਡਾ ਨਹੀਂ ਦੇਵੇਗਾ। ਇੱਥੋਂ ਤਕ ਕਿ ਉਹ ਕਿਸੇ ਵੀ ਤਰ੍ਹਾਂ ਦੇ ਹਮਲੇ ਭਾਵੇਂ ਉਹ ਅੱਤਵਾਦ ਖ਼ਿਲਾਫ਼ ਫ਼ੌਜੀ ਕਾਰਵਾਈ ਤਹਿਤ ਹੀ ਕਿਉਂ ਨਾ ਹੋਵੇ, ਪਾਕਿਸਤਾਨ ਦੀ ਜ਼ਮੀਨ ਦੀ ਵਰਤੋਂ ਨਹੀਂ ਕਰਨ ਦੇਣਗੇ।
ਕੌਮਾਂਤਰੀ ਚੈਨਲ ਐੱਚਬੀਓ ਨੂੁੰ ਦਿੱਤੀ ਇੰਟਰਵਿਊ ’ਚ ਜਦੋਂ ਜੋਨਾਥਨ ਸਵਾਨ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਸੱਚ ’ਚ ਇਮਰਾਨ ਨੇ ਜ਼ੋਰ ਦੇ ਕੇ ਕਿਹਾ ਹੈ ਹਾਂ, ਤਾਂ ਉਨ੍ਹਾਂ ਜਵਾਬ ਦਿੱਤਾ, ਜ਼ਰੂਰ। ਸਵਾਨ ਨੇ ਇਸ ਇੰਟਰਵਿਊ ’ਚ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ’ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਹਵਾਲੇ ਤੋਂ ਇਸ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਸੀ। ਮੀਡੀਆ ਰਿਪੋਰਟ ਮੁਤਾਬਕ ਕੁਰੈਸ਼ੀ ਨੇ ਸੈਨੇਟ ’ਚ ਦਿੱਤੇ ਸੰਬੋਧਨ ਦੌਰਾਨ ਇਸ ਤਰ੍ਹਾਂ ਦੀ ਗੱਲ ਕਹੀ ਸੀ। ਆਪਣੇ ਬਿਆਨ ’ਚ ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ’ਚ ਤਾਲਿਬਾਨ ਅਤੇ ਅਲਕਾਇਦਾ ਦੇ ਅੱਤਵਾਦੀ ਹਮਲਿਆਂ ਦਾ ਜਵਾਬ ਦੇਣ ਲਈ ਅਜਿਹਾ ਕੀਤਾ ਜਾ ਸਕਦਾ ਹੈ। ਉਨ੍ਹਾਂ ਸਿੱਧੇ ਤੌਰ ’ਤੇ ਕਿਹਾ ਕਿ ਪਾਕਿਸਤਾਨ ਦੇ ਸਾਰੇ ਫ਼ੌਜੀ ਟਿਕਾਣੇ ਉਸ ਲਈ ਹਨ ਅਤੇ ਉਸ ਦੇ ਲਈ ਹੀ ਰਹਿਣਗੇ। ਇਨ੍ਹਾਂ ਨੂੰ ਅਮਰੀਕੀ ਫ਼ੌਜ ਨੂੰ ਨਹੀਂ ਦਿੱਤਾ ਜਾਵੇਗਾ। ਇਮਰਾਨ ਨੇ ਕਿਹਾ ਕਿ ਜਿਨ੍ਹਾਂ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਉਹ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹਨ, ਜਿਨ੍ਹਾਂ ਦਾ ਕੋਈ ਅਰਥ ਨਹੀਂ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸਾਰੀਆਂ ਮੀਡੀਆ ਰਿਪੋਰਟਾਂ ਪੂਰੀ ਤਰ੍ਹਾਂ ਬੇਬੁਨਿਆਦ ਹਨ। ਪਾਕਿਸਤਾਨ ਨਾ ਤਾਂ ਆਪਣੀ ਜ਼ਮੀਨ ਦੀ ਵਰਤੋਂ ਦੀ ਇਜਾਜ਼ਤ ਅਮਰੀਕਾ ਨੂੰ ਦੇ ਰਿਹਾ ਹੈ ਤੇ ਨਾ ਹੀ ਇਸ ਸਬੰਧ ’ਚ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਹੋ ਰਹੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਇਸ ਲਈ ਅਮਰੀਕਾ ਨੂੰ ਕਿਸੇ ਵੀ ਤਰ੍ਹਾਂ ਦੇ ਡ੍ਰੋਨ ਹਮਲੇ ਦੀ ਵੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਪਹਿਲਾਂ ਦੀਆਂ ਸਰਕਾਰਾਂ ਦੇ ਫ਼ੈਸਲਿਆਂ ’ਤੇ ਉਂਗਲੀ ਉਠਾਉਂਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਦੀਆਂ ਸਰਕਾਰਾਂ ਨੇ ਅਮਰੀਕੀ ਫ਼ੌਜ ਨੂੰ ਡ੍ਰੋਨ ਸਰਵਿਲਾਂਸ ਅਤੇ ਹਮਲੇ ਦੀ ਇਜਾਜ਼ਤ ਦਿੱਤੀ ਸੀ, ਮੌਜੂਦਾ ਸਰਕਾਰ ਅਜਿਹਾ ਕੋਈ ਫ਼ੈਸਲਾ ਨਹੀਂ ਲਵੇਗੀ।