ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਐਕਟਿੰਗ ਪ੍ਰਧਾਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਇਸ ਦੇ ਨਾਲ ਕਾਂਗਰਸ ਹਾਈ ਕਮਾਂਡ ਖ਼ਿਲਾਫ਼ ਵੀ ਟਿੱਪਣੀਆਂ ਕੀਤੀਆਂ ਹਨ। ਭਾਵੇਂ ਸੋਸ਼ਲ ਮੀਡੀਆ ਤੇ ਮਨਪ੍ਰੀਤ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਪਰ ਸਮਝਿਆ ਜਾਂਦਾ ਹੈ ਕਿ ਉਹ ਸਾਬਕਾ ਵਿੱਤ ਮੰਤਰੀ ਤੋਂ ਪੁੱਛੇ ਬਿਨਾਂ ਕੋਈ ਵੀ ਅਜਿਹੀ ਪੋਸਟ ਨਹੀਂ ਪਾਉਂਦੇ ਤੇ ਨਾ ਹੀ ਬਿਆਨ ਦਿੰਦੇ ਹਨ। ਉਨ੍ਹਾਂ ਸੋਸ਼ਲ ਮੀਡੀਆ ਤੇ ਪਾਈ ਪੋਸਟ ਵਿੱਚ ਲਿਖਿਆ ਹੈ ਕਿ ਮੈਂ ਚੋਣਾਂ ਵੇਲੇ ਵੀ ਚੁੱਪੀ ਧਾਰੀ ਹੋਈ ਸੀ ਕਿ ਵੜਿੰਗ ਨੂੰ ਉਸ ਵੇਲੇ ਦੇ ਵਿਧਾਇਕ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਖਿਲਾਫ ਬੋਲਣ ਦਾ ਮੁੱਦਾ ਕਿਉਂ ਬਣਾਇਆ ਜਾਵੇ। ਉਨ੍ਹਾਂ ਨੇ ਸਟੇਜਾਂ ਤੇ ਖੁੱਲ੍ਹ ਕੇ ਲੋਕਾਂ ਨੂੰ ਬਠਿੰਡਾ ਸ਼ਹਿਰੀ ਚ ਕਾਂਗਰਸ ਖ਼ਿਲਾਫ਼ ਵੋਟ ਪਾਉਣ ਦੀ ਅਪੀਲ ਕੀਤੀ ।
ਭਾਰਤ ਭੂਸ਼ਨ ਆਸ਼ੂ ਦੀ ਆਡੀਓ ਵਾਇਰਲ ਹੋਈ ਜਿਸ ਚ ਉਸ ਨੇ ਮਨਪ੍ਰੀਤ ਖਿਲਾਫ ਵੋਟ ਪਾਉਣ ਦੀ ਗੱਲ ਕਹੀ ਸੀ। ਇਨ੍ਹਾਂ ਵਿੱਚੋਂ ਇੱਕ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ ਦੂਜੇ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਪੋਸਟ ਵਿਚ ਜੈ ਜੀਤ ਨੇ ਲਿਖਿਆ ਹੈ ਕਿ ਉਦੇਪੁਰ ਵਿੱਚ ਚਿੰਤਨ ਇਹ ਹੋਣਾ ਚਾਹੀਦਾ ਸੀ ਕਿ ਜੇਕਰ ਕੋਈ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਵਿਰੁੱਧ ਬੋਲਦਾ ਹੈ ਤਾਂ ਉਸਨੂੰ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਜਾਖੜ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਜਾਂਦਾ ਹੈ। ਜੇਕਰ ਅਜਿਹਾ ਹੈ ਤਾਂ ਵਰਕਰਾਂ ਦੇ ਤੌਰ ਤੇ ਹਰ ਕਿਸੇ ਨੂੰ ਕਿਸੇ ਦੇ ਖ਼ਿਲਾਫ਼ ਬੋਲਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਹੋ ਸਕਦਾ ਹੈ ਕਿ ਮੈਨੂੰ ਪਾਰਟੀ ਦਾ ਅਹੁਦਾ ਮਿਲ ਜਾਵੇ। ਉਨ੍ਹਾਂ ਸਵਾਲ ਕਰਦਿਆਂ ਲਿਖਿਆ ਹੈ ਕਿ ਉਨ੍ਹਾਂ ਨੂੰ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਅਤੇ ਵਿੱਤ ਮੰਤਰੀ ਵਿਰੁਧ ਬੋਲਣ ਦੀ ਇਜਾਜ਼ਤ ਕਿਉਂ ਦਿੱਤੀ ਗਈ? ਕੋਈ ਪਾਰਟੀ ਅਨੁਸ਼ਾਸਨ ਦੀ ਆਸ ਕਿਵੇਂ ਰੱਖ ਸਕਦੀ ਹੈ ਅਤੇ ਮੇਰੇ ਵਰਗੇ ਵਰਕਰ ਤੋਂ ਇਨ੍ਹਾਂ ਦੋਨਾਂ ਦਾ ਸਤਿਕਾਰ ਕਰਨ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ। ਵਿੱਤ ਮੰਤਰੀ ਦੇ ਨਜ਼ਦੀਕੀ ਰਿਸ਼ਤੇਦਾਰ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਇਸ ਪੋਸਟ ਦੇ ਸਿਆਸੀ ਹਲਕਿਆਂ ਵਿੱਚ ਕਈ ਤਰ੍ਹਾਂ ਦੇ ਅਰਥ ਕੱਢੇ ਜਾ ਰਹੇ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਵਿੱਤ ਮੰਤਰੀ ਦੇ ਕੱਟੜ ਵਿਰੋਧੀ ਅਮਰਿੰਦਰ ਰਾਜਾ ਵੜਿੰਗ ਨੂੰ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਮਨਪ੍ਰੀਤ ਬਾਦਲ ਪਾਰਟੀ ਤੋਂ ਨਾਖੁਸ਼ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਬਠਿੰਡਾ ਵਿੱਚ ਹੋਈ ਵੱਡੀ ਹਾਰ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਕਿਧਰੇ ਵੀ ਨਜ਼ਰ ਨਹੀਂ ਆਏ। ਇੱਥੋਂ ਤਕ ਕਿ ਉਨ੍ਹਾਂ ਬਠਿੰਡਾ ਸ਼ਹਿਰੀ ਨਾਲ ਸਬੰਧਤ ਕਾਂਗਰਸੀ ਵਰਕਰਾਂ ਦੀ ਕੋਈ ਵੱਡੀ ਮੀਟਿੰਗ ਵੀ ਨਹੀਂ ਕੀਤੀ