33.73 F
New York, US
December 13, 2024
PreetNama
ਖੇਡ-ਜਗਤ/Sports News

ਕੀ ਹਨ ਪੁਰਾਤਨ ਤੇ ਆਧੁਨਿਕ ਓਲੰਪਿਕ ਖੇਡਾਂ ? ਓਲੰਪਿਕ ਖੇਡਾਂ ਦੀ ਹੋਰ ਵੀ ਰੋਚਕ ਜਾਣਕਾਰੀ

ਸਾਡੇ ਵਿੱਚੋਂ ਬਹੁਤਿਆਂ ਲਈ ਅੱਜ ਦਾ ਦਿਨ ਇੱਕ ਆਮ ਜਿਹਾ ਦਿਨ ਹੋ ਸਕਦਾ ਹੈ, ਪਰ ਖੇਡ ਜਗਤ ਨਾਲ ਜੁੜੇ ਲੋਕਾਂ ਵਾਸਤੇ 23 ਜੂਨ ਬੜਾ ਮਹੱਤਵਪੂਰਨ ਦਿਨ ਹੈ। 23 ਜੂਨ ਨੂੰ ਓਲੰਪਿਕ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਜਿਸ ਦੀ ਸ਼ੁਰੂਆਤ 23 ਜੂਨ 1948 ਤੋਂ ਹੋਈ ਸੀ। ਓਲੰਪਿਕ ਦਿਵਸ ਮਨਾਉਣ ਲਈ ਇਸੇ ਦਿਨ ਨੂੰ ਇਸ ਕਰਕੇ ਚੁਣਿਆ ਗਿਆ, ਕਿਉਂਕਿ 23 ਜੂਨ 1894 ਨੂੰ ਪੈਰਿਸ ਵਿਖੇ ਆਧੁਨਿਕ ਓਲੰਪਿਕਸ ਦੇ ਜਨਮਦਾਤਾ ਕੂਬਰਤਿਨ ਨੇ ਮਾਡਰਨ ਓਲੰਪਿਕਸ ਸ਼ੁਰੂ ਕਰਵਾਉਣ ਦਾ ਫੈਸਲਾ ਕੀਤਾ ਸੀ। ਦੋ ਸਾਲਾਂ ਬਾਅਦ 1896 ਵਿੱਚ ਏਥਨਜ਼ ਵਿਖੇ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਕਰਵਾਈਆਂ ਗਈਆਂ, ਅਤੇ ਇਹ ਕਾਫ਼ਲਾ ਨਿਰੰਤਰ ਅੱਗੇ ਵਧਦਾ ਹੋਇਆ 2016 ਵਿੱਚ ਰੀਓ ਵਿਖੇ ਪੁੱਜਿਆ। 2020 ਦੀਆਂ ਓਲੰਪਿਕ ਖੇਡਾਂ ਟੋਕੀਓ ਵਿਖੇ ਹੋਣੀਆਂ ਸਨ, ਪਰ ਕੋਰੋਨਾ ਵਾਇਰਸ ਦੇ ਚੱਲਦਿਆਂ ਇੱਕ ਸਾਲ ਲਈ ਅੱਗੇ ਪਾ ਦਿੱਤੀਆਂ ਗਈਆਂ ਹਨ। ਓਲੰਪਿਕ ਦਿਵਸ ਦੇ ਮੌਕੇ ਅੱਜ ਦੁਨੀਆ ਭਰ ਦੇ ਓਲੰਪੀਅਨ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਸਮੂਹ ਖੇਡ ਜਗਤ ਇਹ ਕਾਮਨਾ ਕਰਦਾ ਹੈ ਕਿ ਕੋਰੋਨਾ ਮਹਾਮਾਰੀ ਤੋਂ ਜਲਦੀ ਛੁਟਕਾਰਾ ਮਿਲੇ ਅਤੇ ਅਗਲੇ ਸਾਲ ਟੋਕੀਓ ਵਿਖੇ ਦੁਨੀਆ ਦਾ ਸਭ ਤੋਂ ਵੱਡਾ ਖੇਡ ਮੇਲਾ ਮੁੜ ਜੁੜੇ।
ਆਧੁਨਿਕ ਤੇ ਪੁਰਾਤਨ ਓਲੰਪਿਕ ਖੇਡਾਂ
ਆਧੁਨਿਕ ਓਲੰਪਿਕ ਖੇਡਾਂ ਦੀ ਸ਼ੁਰੂਆਤ ਵਿਖੇ ਜ਼ਰੂਰ ਹੋਈ ਸੀ ਪਰ ਓਲੰਪਿਕ ਖੇਡਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। 1896 ‘ਚ ਏਥਨਜ਼ (ਯੂਨਾਨ) ਤੋਂ ਸ਼ੁਰੂ ਹੋਈਆਂ ਖੇਡਾਂ ਓਲੰਪਿਕ ਖੇਡਾਂ ਵਜੋਂ ਪੁਕਾਰੀਆਂ ਜਾਂਦੀਆਂ ਹਨ ਪਰ ਜੇ ਇਤਿਹਾਸ ‘ਤੇ ਡੂੰਘਾਈ ਨਾਲ ਝਾਤ ਮਾਰੀ ਜਾਵੇ ਤਾਂ ਇਹ ਨਵੀਨ ਓਲੰਪਿਕ ਖੇਡਾਂ ਹਨ। 1896 ‘ਚ ਸ਼ੁਰੂ ਹੋਈਆਂ ਇਹ ਖੇਡਾਂ ਓਲੰਪਿਕ ਖੇਡਾਂ ਦਾ ਪਹਿਲਾ ਦੌਰ ਨਹੀਂ ਸੀ। ਇਸ ਤੋਂ ਪਹਿਲਾਂ ਪੁਰਾਤਨ ਓਲੰਪਿਕ ਖੇਡਾਂ ਦੇ 776 ਈਸਾ ਪੂਰਵ (ਬੀ.ਸੀ.) ਵਿੱਚ ਸ਼ੁਰੂ ਹੋਣ ਅਤੇ 394 ਈਸਵੀ (ਏ.ਡੀ.) ‘ਚ ਬੰਦ ਹੋਣ ਬਾਰੇ ਜਾਣਕਾਰੀ ਮਿਲਦੀ ਹੈ। ਪੁਰਾਤਨ ਓਲੰਪਿਕ ਖੇਡਾਂ ਦੇ ਬੰਦ ਹੋਣ ਤੋਂ 1502 ਸਾਲਾਂ ਬਾਅਦ ਮੁੜ ਇਹ ਖੇਡਾਂ ਸ਼ੁਰੂ ਹੋਈਆਂ ਸਨ।ਓਲੰਪਿਕ ਖੇਡਾਂ ਨਾਲ ਜੁੜੀ ਦੰਦ-ਕਥਾ
ਓਲੰਪਿਕ ਖੇਡਾਂ ਬਾਰੇ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ ਪਰ ਪ੍ਰਚਲਿਤ ਮਿੱਥ ਅਨੁਸਾਰ ਪੁਰਾਤਨ ਓਲੰਪਿਕ ਖੇਡਾਂ ਦਾ ਮੁੱਢ 776 ਬੀ.ਸੀ. ‘ਚ ਉਸ ਵੇਲੇ ਬੱਝਿਆ ਜਦੋਂ ਯੂਨਾਨ ਛੋਟੇ-ਛੋਟੇ ਰਾਜਾਂ ਵਿਚ ਵੰਡਿਆ ਹੋਇਆ ਸੀ। ਇਨ੍ਹਾਂ ਰਾਜਾਂ ਦੇ ਨਿੱਤ ਦੇ ਆਪਸੀ ਲੜਾਈ-ਝਗੜਿਆਂ ਤੋਂ ਤੰਗ ਆ ਕੇ ਯੂਨਾਨ ਦੇ ਰਾਜਾ ਨੇ ਕਿਸੇ ਜੋਤਸ਼ੀ ਦੀ ਸਲਾਹ ਮੰਨ ਕੇ ਖੇਡਾਂ ਕਰਵਾਉਣੀਆਂ ਸ਼ੁਰੂ ਕੀਤੀਆਂ। ਖੇਡਾਂ ਜ਼ਰੀਏ ਸ਼ਾਂਤੀ ਦਾ ਮਾਹੌਲ ਸਿਰਜਿਆ ਗਿਆ, ਅਤੇ ਇਸੇ ਕਾਰਨ ਓਲੰਪਿਕ ਖੇਡਾਂ ਹੁਣ ਤੱਕ ਅਮਨ ਤੇ ਸ਼ਾਂਤੀ ਦੇ ਦੂਤ ਵਜੋਂ ਜਾਣੀਆਂ ਜਾਂਦੀਆਂ ਹਨ। ਸ਼ੁਰੂਆਤੀ ਸਮਿਆਂ ‘ਚ ਦੌੜ ਦੇ ਮੁਕਾਬਲੇ ਕਰਵਾਏ ਜਾਂਦੇ ਰਹੇ ਅਤੇ ਹੌਲੀ ਹੌਲੀ ਇਨ੍ਹਾਂ ਖੇਡਾਂ ਵਿੱਚ ਹੋਰ ਖੇਡ ਮੁਕਾਬਲੇ ਜੁੜਦੇ ਚਲੇ ਗਏ। ਲੜਾਈ-ਝਗੜੇ ਖਤਮ ਕਰਨ ਲਈ ਸ਼ੁਰੂ ਹੋਈਆਂ ਓਲੰਪਿਕ ਖੇਡਾਂ 394 ਏ.ਡੀ. ਤੱਕ ਪਹੁੰਚਦੇ ਪਹੁੰਚਦੇ ਖੁਦ ਲੜਾਈਆਂ ਦਾ ਕਾਰਨ ਬਣ ਗਈਆਂ ਸਨ, ਅਤੇ ਤੰਗ ਆ ਕੇ ਉਸ ਵੇਲੇ ਯੂਨਾਨ ‘ਤੇ ਕਾਬਜ਼ ਰੋਮਨ ਦੇ ਰਾਜਾ ਥਿਊਡੀਸੀਅਸ ਨੇ ਖੇਡਾਂ ਬੰਦ ਕਰਵਾ ਦਿੱਤੀਆਂ।

ਮੁੜ ਸ਼ੁਰੂਆਤ ਨੂੰ ਲੱਗੀਆਂ 15 ਸਦੀਆਂ
ਪ੍ਰਾਚੀਨ ਓਲੰਪਿਕ ਖੇਡਾਂ ਬੰਦ ਹੋਣ ਤੋਂ ਬਾਅਦ 15 ਸਦੀਆਂ ਦੇ ਲੰਮੇ ਸਮੇਂ ਦੌਰਾਨ ਸਮੇਂ-ਸਮੇਂ ‘ਤੇ ਇਨ੍ਹਾਂ ਦੀ ਮੁੜ ਸ਼ੁਰੂਆਤ ਬਾਰੇ ਵਿਚਾਰਾਂ ਹੁੰਦੀਆਂ ਰਹੀਆਂ ਪਰ ਗੱਲ ਕਿਸੇ ਤਣ-ਪੱਤਣ ਨਹੀਂ ਲੱਗੀ। ਆਖਰ ਇਹ ਖੇਡਾਂ ਮੁੜ ਕਰਵਾਉਣ ਦਾ ਜ਼ਿੰਮਾ ਫ਼ਰਾਂਸ ਸਰਕਾਰ ਨੇ ਸਰੀਰਕ ਸਿੱਖਿਆ ਦੇ ਅਧਿਆਪਕ ਬੈਰਲ ਪੀਅਰੇ ਡੀ ਕੂਬਰਤਿਨ ਨੂੰ ਸੌਂਪਿਆ। ਕੂਬਰਤਿਨ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਵੱਖ-ਵੱਖ ਮੁਲਕਾਂ ਦੇ ਨੁਮਾਇੰਦਿਆਂ ਦੀਆਂ ਮੀਟਿੰਗਾਂ ਹੋਈਆਂ, ਤੇ 1894 ‘ਚ ਓਲੰਪਿਕ ਖੇਡਾਂ ਨੂੰ ਮੁੜ ਕਰਵਾਉਣ ਦੀ ਯੋਜਨਾ ਪੱਕੇ ਪੈਰੀਂ ਹੋਈ।
ਨਵੀਨ ਓਲੰਪਿਕ ਖੇਡਾਂ ਦੇ ਨਾਂ ‘ਤੇ ਪਹਿਲੀਆਂ ਖੇਡਾਂ 1896 ‘ਚ ਏਥਨਜ਼ (ਯੂਨਾਨ) ਅਤੇ ਦੂਜੀਆਂ 1900 ‘ਚ ਪੈਰਿਸ (ਫ਼ਰਾਂਸ) ਵਿਖੇ ਕਰਵਾਉਣ ਦਾ ਫ਼ੈਸਲਾ ਹੋਇਆ। ਹਾਲਾਂਕਿ ਇਨ੍ਹਾਂ ਦੀ ਮੇਜ਼ਬਾਨੀ ਹਾਸਲ ਕਰਨ ਲਈ ਫਰਾਂਸ ਪੱਬਾਂ ਭਾਰ ਸੀ, ਪਰ ਖੇਡਾਂ ਦੀ ਰਵਾਇਤ ਅਤੇ ਮੁੱਢ ਯੂਨਾਨ ਨਾਲ ਜੁੜਿਆ ਹੋਣ ਕਰਕੇ ਪਹਿਲੀਆਂ ਓਲੰਪਿਕ ਖੇਡਾਂ ਏਥਨਜ਼ ਨੂੰ ਮਿਲੀਆਂ ਅਤੇ ਫ਼ਰਾਂਸ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਇਨਾਮ ਵਜੋਂ ਦੂਜੀਆਂ ਖੇਡਾਂ ਪੈਰਿਸ ਨੂੰ ਮਿਲੀਆਂ। ਇਸ ਤਰ੍ਹਾਂ ਨਵੀਨ ਓਲੰਪਿਕ ਖੇਡਾਂ ਦਾ ਮੁੱਢ ਬੰਨ੍ਹਿਆ ਗਿਆ ਅਤੇ ਇਹ ਹਰ ਚਾਰ ਸਾਲਾਂ ਦੇ ਵਕਫ਼ੇ ਬਾਅਦ ਕਰਵਾਉਣ ਦਾ ਸਮਾਂ ਮਿੱਥਿਆ ਗਿਆ।

ਓਲੰਪਿਕ ਖੇਡਾਂ ‘ਤੇ ਵੀ ਭਾਰੂ ਪੈਂਦੀ ਰਹੀ ਸਿਆਸਤ
ਓਲੰਪਿਕ ਖੇਡਾਂ ਉਪਰ ਰਾਜਸੀ ਘਟਨਾਵਾਂ ਦਾ ਵੀ ਅਸਰ ਹੁੰਦਾ ਰਿਹਾ। 1980 ਵਿਚ ਮਾਸਕੋ ਵਿਖੇ ਹੋਈਆਂ ਓਲੰਪਿਕ ਖੇਡਾਂ ਦੌਰਾਨ ਅਮਰੀਕਾ ਪੱਖੀ ਮੁਲਕਾਂ ਨੇ ਖੇਡਾਂ ਦਾ ਬਾਈਕਾਟ ਕੀਤਾ ਅਤੇ ਫਿਰ 1984 ‘ਚ ਲਾਸ ਏਂਜਲਸ ਵਿਖੇ ਹੋਈਆਂ ਓਲੰਪਿਕ ਖੇਡਾਂ ‘ਚ ਰੂਸ-ਪੱਖੀ ਮੁਲਕਾਂ ਨੇ ਬਾਈਕਾਟ ਕੀਤਾ।

ਓਲੰਪਿਕ ਖੇਡਾਂ ‘ਚ ਸਰਦਾਰੀ ਲਈ ਹਰ ਮੁਲਕ ਆਪਣੇ ਤੌਰ ‘ਤੇ ਪੂਰੀ ਵਾਹ ਲਾਉਂਦਾ ਹੈ ਅਤੇ ਓਲੰਪਿਕ ਤਮਗਾ ਸੂਚੀ ‘ਚ ਸਿਖਰਲਾ ਸਥਾਨ ਹਾਸਲ ਕਰਨਾ ਸਦਾ ਹੀ ਟੀਚਾ ਰਿਹਾ ਹੈ। ਓਲੰਪਿਕ ਖੇਡਾਂ ਦੇ ਇਤਿਹਾਸ ‘ਚ ਸਮੇਂ-ਸਮੇਂ ਸਰਦਾਰੀਆਂ ਬਦਲਦੀਆਂ ਰਹੀਆਂ ਹਨ ਅਤੇ ਕਈ ਮੌਕਿਆਂ ‘ਤੇ ਨਵਾਂ ਮੁਲਕ ਅੱਗੇ ਆਉਂਦਾ ਰਿਹਾ ਹੈ ਪਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਅਮਰੀਕਾ ਦੀ ਓਲੰਪਿਕ ‘ਤੇ ਸਰਦਾਰੀ ਰਹੀ ਹੈ। ਪਰ ਅਮਰੀਕਾ ਨੂੰ ਰੂਸ, ਜਰਮਨੀ ਆਦਿ ਤੋਂ ਸਮੇਂ-ਸਮੇਂ ‘ਤੇ ਟੱਕਰ ਬਾਖ਼ੂਬੀ ਮਿਲਦੀ ਰਹੀ।
ਓਲੰਪਿਕ ਝੰਡਾ
ਸਫ਼ੈਦ ਰੰਗ ‘ਤੇ ਪੰਜ ਵੱਖ-ਵੱਖ ਰੰਗਾਂ ਦੇ ਚੱਕਰਾਂ ਵਾਲਾ ਝੰਡਾ ਓਲੰਪਿਕ ਖੇਡਾਂ ਦੀ ਜਾਣੀ-ਪਹਿਚਾਣੀ ਨਿਸ਼ਾਨੀ ਹੈ। ਇਹ ਝੰਡਾ ਦੇਖ ਕੇਓਲੰਪਿਕ ਖੇਡਾਂ ਆਪਣੇ ਆਪ ਯਾਦ ਆ ਜਾਂਦੀਆਂ ਹਨ। ਇਸ ਝੰਡੇ ਉਪਰ ਪੰਜ ਚੱਕਰ ਪੰਜ ਮਹਾਂਦੀਪਾਂ ਦੇ ਪ੍ਰਤੀਕ ਹਨ। ਅਮਰੀਕਾ (ਉੱਤਰੀ ਤੇ ਦੱਖਣੀ ਅਮਰੀਕਾ), ਏਸ਼ੀਆ, ਯੂਰਪ, ਅਫਰੀਕਾ ਤੇ ਆਸਟਰੇਲੀਆ ਦੀ ਹਾਜ਼ਰੀ ਲਾਉਂਦੇ ਪੰਜ ਚੱਕਰਾਂ ‘ਚੋਂ ਤਿੰਨ ਉਪਰ ਤੇ ਦੋ ਹੇਠਾਂ ਇਕ ਦੂਜੇ ਵਿਚਕਾਰੋਂ ਗੁਜ਼ਰਦੇ ਹਨ। ਉਪਰਲੇ ਤਿੰਨ ਚੱਕਰਾਂ ਦੇ ਰੰਗ ਨੀਲਾ, ਕਾਲਾ ਤੇ ਲਾਲ ਅਤੇ ਹੇਠਲੇ ਦੋ ਚੱਕਰਾਂ ਦੇ ਰੰਗ ਪੀਲਾ ਤੇ ਹਰਾ ਹੁੰਦੇ ਹਨ। ਓਲੰਪਿਕ ਖੇਡਾਂ ਦਾ ਝੰਡਾ ਪਹਿਲੀ ਵਾਰ 1920 ਵਿਚ ਐਂਟਵਰਪ (ਬੈਲਜੀਅਮ) ਵਿਖੇ ਹੋਈਆਂ ਓਲੰਪਿਕ ਖੇਡਾਂ ਦੌਰਾਨ ਲਹਿਰਾਇਆ ਗਿਆ। ਉਦਘਾਟਨੀ ਸਮਾਰੋਹ ‘ਤੇ ਲਹਿਰਾਇਆ ਜਾਣ ਵਾਲਾ ਝੰਡਾ ਸਮਾਪਤੀ ਸਮਾਰੋਹ ਮੌਕੇ ਉਤਾਰ ਕੇ ਅਗਲੀਆਂ ਖੇਡਾਂ ਦੀ ਮੇਜ਼ਬਾਨੀ ਕਰਨ ਵਾਲੇ ਮੁਲਕ ਦੀ ਓਲੰਪਿਕ ਕਮੇਟੀ ਨੂੰ ਸੌਂਪ ਦਿੱਤਾ ਜਾਂਦਾ ਹੈ।

ਸਹੁੰ ਚੁੱਕ ਰਸਮ
ਬੈਲਜੀਅਮ ਵਿਖੇ ਹੋਈਆਂ 1920 ਦੀਆਂ ਐਂਟਵਰਪ ਖੇਡਾਂ ਦੌਰਾਨ ਸ਼ੁਰੂ ਹੋਈ ਸਹੁੰ ਚੁੱਕ ਰਸਮ, ਉਦਘਾਟਨੀ ਸਮਾਰੋਹ ਮੌਕੇ ਨਿਭਾਈ ਜਾਂਦੀ ਹੈ। ਉਸ ਵੇਲੇ ਮੇਜ਼ਬਾਨ ਮੁਲਕ ਦਾ ਕੋਈ ਵੀ ਚੋਟੀ ਦਾ ਖਿਡਾਰੀ ਓਲੰਪਿਕ ਝੰਡੇ ਨੂੰ ਹੱਥ ‘ਚ ਫੜ ਕੇ ਪੂਰੇ ਮੁਲਕਾਂ ਦੇ ਸਮੂਹ ਖਿਡਾਰੀਆਂ ਵੱਲੋਂ ਸੱਚੀ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕਦਾ ਹੈ। ਪਹਿਲੀ ਵਾਰ ਸਹੁੰ ਚੁੱਕਣ ਦੀ ਰਸਮ ਬੈਲਜੀਅਮ ਦੇ ਵਿਕਟਰ ਬੋਇਨ ਨੇ ਨਿਭਾਈ ਸੀ, ਜਿਸ ਦੇ ਸ਼ਬਦ ਹੇਠ ਲਿਖੇ ਸਨ –

We swear. We will take part in the Olympic Games in a spirit of chivalry, for the honour of our country and for the glory of sport.

1961 ਵਿੱਚ ਉਕਤ ਸਹੁੰ ਦੇ ਸ਼ਬਦਾਂ ‘ਚ ਕੁਝ ਬਦਲਾਅ ਕੀਤੇ ਗਏ ਤੇ ਸਹੁੰ ਇਨ੍ਹਾਂ ਸ਼ਬਦਾਂ ਨਾਲ ਪੂਰੀ ਕੀਤੀ ਗਈ।

In the name of all competitors, I promise that we shall take part in these Olympic Games, respecting and abiding by the rules that govern them, in the true spirit of sportsmanship, for the glory of sport and the honour of our teams.

ਓਲੰਪਿਕ ਖੇਡਾਂ ‘ਚ ਭਾਰਤ ਦੀ ਕਾਰਗੁਜ਼ਾਰੀ
ਓਲੰਪਿਕ ਖੇਡਾਂ ‘ਚ ਤਮਗਾ ਜਿੱਤਣ ਵਿਚ ਭਾਰਤ ਦਾ ਹੱਥ ਸਦਾ ਤੰਗ ਰਿਹਾ। ਵਿਸ਼ਵ ਦੇ ਇਸ ਸਭ ਤੋਂ ਵੱਡੇ ਖੇਡ ਕੁੰਭ ‘ਚ ਭਾਰਤੀ ਖਿਡਾਰੀ ਮੁੱਢਲੇ ਦੌਰਾਂ ‘ਚ ਹੀ ਪਛੜ ਜਾਂਦੇ ਰਹੇ ਹਨ। ਬਹੁਤ ਸਾਰੀਆਂ ਖੇਡਾਂ ‘ਚ ਤਾਂ ਭਾਰਤੀ ਖਿਡਾਰੀ ਕੁਆਲੀਫਾਇੰਗ ਦੌਰ ਦੌਰਾਨ ਹੀ ਬਾਹਰ ਹੋ ਜਾਂਦੇ ਹਨ। ਹੁਣ ਤੱਕ ਭਾਰਤ ਨੇ ਓਲੰਪਿਕ ਖੇਡਾਂ ਵਿੱਚ ਕੁੱਲ 28 ਤਮਗ ਜਿੱਤੇ ਹਨ, ਜਿਨ੍ਹਾਂ ਵਿੱਚੋਂ 9 ਸੋਨੇ, 7 ਚਾਂਦੀ ਤੇ 12 ਕਾਂਸੀ ਦੇ ਤਮਗੇ ਸ਼ਾਮਲ ਹਨ। 1900 ਦੀਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਨਾਰਮਨ ਪਿਚਰਡ ਨੇ ਭਾਰਤ ਵੱਲੋਂ ਆਪਣੇ ਪੱਧਰ ‘ਤੇ ਐਂਟਰੀ ਕਰਵਾ ਕੇ ਹਿੱਸਾ ਲਿਆ ਸੀ ਅਤੇ ਦੋ ਚਾਂਦੀ ਦੇ ਤਮਗੇ ਜਿੱਤੇ ਸਨ। ਇਹ ਪਹਿਲੇ ਭਾਰਤੀ ਤਮਗੇ ਸਨ ਪਰ ਇਨ੍ਹਾਂ ਨੂੰ ਭਾਰਤ ਵੱਲੋਂ ਜਿੱਤੇ ਅਧਿਕਾਰਤ ਤਮਗਿਆਂ ਵਿੱਚ ਨਹੀਂ ਗਿਣਿਆ ਜਾਂਦਾ। ਕਿਉਂਕਿ ਭਾਰਤ ਨੇ ਓਲੰਪਿਕ ਖੇਡਾਂ ਵਿੱਚ 1928 ਤੋਂ ਹਿੱਸਾ ਲੈਣਾ ਸ਼ੁਰੂ ਕੀਤਾ। ਭਾਰਤ ਨੇ ਇਕੱਲੇ ਹਾਕੀ ਖੇਡ ਵਿੱਚ 11 ਤਮਗੇ ਜਿੱਤੇ ਹਨ, ਜਿਨ੍ਹਾਂ ਵਿੱਚੋਂ 8 ਸੋਨੇ, 1 ਚਾਂਦੀ ਤੇ 2 ਕਾਂਸੀ ਦੇ ਤਮਗੇ ਸ਼ਾਮਲ ਹਨ। 1928 ਵਿੱਚ ਐਮਸਟਰਡਮ, 1932 ‘ਚ ਲਾਸ ਏਂਜਲਸ, 1936 ‘ਚ ਬਰਲਿਨ, 1948 ‘ਚ ਲੰਡਨ, 1952 ‘ਚ ਹੈਲਸਿੰਕੀ ਤੇ 1956 ‘ਚ ਮੈਲਬੋਰਨ ਵਿਖੇ ਭਾਰਤ ਨੇ ਓਲੰਪਿਕ ਸੋਨ ਤਮਗਾ ਜਿੱਤਿਆ। 1960 ‘ਚ ਪਹਿਲੀ ਵਾਰ ਰੋਮ ਵਿਖੇ ਭਾਰਤ ਹੱਥੋਂ ਸੋਨ ਤਮਗਾ ਖੁੱਸਿਆ ਅਤੇ ਭਾਰਤ ਨੂੰ ਫਾਈਨਲ ‘ਚ ਪਾਕਿਸਤਾਨ ਹੱਥੋਂ ਮਿਲੀ ਹਾਰ ਕਾਰਨ ਚਾਂਦੀ ਦੇ ਤਮਗੇ ‘ਤੇ ਸਬਰ ਕਰਨਾ ਪਿਆ। 1964 ‘ਚ ਟੋਕੀਓ ਵਿਖੇ ਭਾਰਤ ਨੇ ਮੁੜ ਸਰਦਾਰੀ ਕਾਇਮ ਕਰਦਿਆਂ ਪਾਕਿਸਤਾਨ ਨੂੰ ਫਾਈਨਲ ‘ਚ ਹਰਾ ਕੇ ਬਦਲਾ ਲਿਆ ਅਤੇ ਸੱਤਵੀਂ ਵਾਰ ਸੋਨ ਤਮਗਾ ਜਿੱਤਿਆ। 1968 ਵਿਚ ਮੈਕਸੀਕੋ ਤੇ 1972 ‘ਚ ਮਿਊਨਿਖ ਵਿਖੇ ਭਾਰਤ ਨੇ ਕਾਂਸੀ ਦੇ ਤਮਗੇ ਜਿੱਤੇ। 1980 ਵਿਚ ਮਾਸਕੋ ਵਿਖੇ ਭਾਰਤ ਨੇ ਅੱਠਵਾਂ ਸੋਨ ਤਮਗਾ ਜਿੱਤਿਆ।

ਵਿਅਕਤੀਗਤ ਵਰਗ ਵਿੱਚ ਪਹਿਲਵਾਨ ਕੇ.ਡੀ. ਯਾਦਵ ਨੇ 1952 ‘ਚ ਹੈਲਸਿੰਕੀ ਵਿਖੇ ਕੁਸ਼ਤੀ ‘ਚ ਕਾਂਸੀ ਦਾ ਤਮਗਾ ਜਿੱਤਿਆ। 1996 ‘ਚ ਐਂਟਲਾਂਟਾ ਵਿਖੇ ਲਿਏਂਡਰ ਪੇਸ ਨੇ ਟੈਨਿਸ ‘ਚ ਕਾਂਸੀ ਦਾ ਤਮਗਾ ਜਿੱਤਿਆ। 2000 ‘ਚ ਸਿਡਨੀ ਵਿਖੇ ਵੇਟਲਿਫਟਿੰਗ ‘ਚ ਕਰਨਮ ਮਲੇਸ਼ਵਰੀ ਨੇ ਕਾਂਸੀ ਦਾ ਤਮਗਾ ਜਿੱਤਿਆ। 2004 ‘ਚ ਏਥਨਜ਼ ਵਿਖੇ ਰਾਜਵਰਧਨ ਸਿੰਘ ਰਾਠੌਰ ਨੇ ਨਿਸ਼ਾਨੇਬਾਜ਼ੀ ਦੇ ਡਬਲ ਟਰੈਪ ਮੁਕਾਬਲੇ ‘ਚ ਚਾਂਦੀ ਦਾ ਤਮਗਾ ਜਿੱਤਿਆ। 2008 ਵਿੱਚ ਬੀਜਿੰਗ ਵਿਖੇ ਅਭਿਨਵ ਬਿੰਦਰਾ ਨੇ ਸੋਨੇ ਅਤੇ ਸੁਸ਼ੀਲ ਕੁਮਾਰ ਤੇ ਵਿਜੇਂਦਰ ਸਿੰਘ ਨੇ ਕਾਂਸੀ ਦਾ ਤਮਗਾ ਜਿੱਤਿਆ। 2012 ਵਿੱਚ ਲੰਡਨ ਵਿਖੇ ਨਿਸ਼ਾਨੇਬਾਜ਼ ਵਿਜੇ ਕੁਮਾਰ ਤੇ ਸੁਸ਼ੀਲ ਕੁਮਾਰ ਨੇ ਚਾਂਦੀ ਦਾ ਤਮਗਾ ਅਤੇ ਨਿਸ਼ਾਨੇਬਾਜ਼ ਗਗਨ ਨਾਰੰਗ, ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ, ਮੁੱਕੇਬਾਜ਼ ਐੱਮ.ਸੀ.ਮੇਰੀਕੌਮ ਤੇ ਪਹਿਲਵਾਨ ਯੋਗੇਸ਼ਵਰ ਦੱਤ ਨੇ ਕਾਂਸੀ ਦਾ ਤਮਗਾ ਜਿੱਤਿਆ। 2016 ਵਿੱਚ ਰੀਓ ਵਿਖੇ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਚਾਂਦੀ ਅਤੇ ਪਹਿਲਵਾਨ ਸਾਕਸ਼ੀ ਮਲਿਕ ਨੇ ਕਾਂਸੀ ਦਾ ਤਮਗਾ ਜਿੱਤਿਆ।

ਸਮਾਂ ਕਦੇ ਇੱਕ ਜਿਹਾ ਨਹੀਂ ਰਹਿੰਦਾ। ਪਿਛਲੇ ਰਿਕਾਰਡ ਨੂੰ ਨਾਕਾਰਾਤਮਕ ਨਜ਼ਰ ਦੀ ਬਜਾਏ ਸਕਾਰਾਤਮਕ ਨਜ਼ਰੀਏ ਤੋਂ ਵਾਚਦੇ ਹੋਏ, ਹੁਣੇ ਤੋਂ ਭਾਰਤ ਨੂੰ ਕਮਰ ਕੱਸ ਲੈਣੀ ਚਾਹੀਦੀ ਹੈ। ਜੇ ਭਾਰਤ ਨੇ ਸੱਚਮੁੱਚ ਵਿਸ਼ਵ ਗੁਰੂ ਬਣਨਾ ਹੈ ਤਾਂ ਖੇਡਾਂ ਦੇ ਖੇਤਰ ਨੂੰ ਅੱਖੋਂ ਓਹਲੇ ਰੱਖ ਕੇ ਨਹੀਂ ਬਣਿਆ ਜਾ ਸਕਦਾ। ਭਾਰਤੀ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, ਹੁਣ ਦੁਨੀਆ ਸਮੇਤ ਸਾਰੇ ਭਾਰਤ ਵਾਸੀਆਂ ਦੀ ਉਮੀਦ ਭਰੀ ਨਜ਼ਰ ਟਿਕੀ ਹੈ ਟੋਕੀਓ ਓਲੰਪਿਕਸ ਉੱਤੇ।

Related posts

Shane Warne ’ਤੇ ਰੰਗੀਨ ਮਿਜ਼ਾਜ ਫਿਰ ਪਿਆ ਭਾਰੀ

On Punjab

ਕ੍ਰਿਕਟ ਮੈਦਾਨ ‘ਚ ਵਾਪਰਿਆਂ ਅਜਿਹਾ, ਦੇਖ ਕੇ ਹੋਵੋਗੇ ਹੈਰਾਨ ਤੇ ਹੱਸ-ਹੱਸ ਲੋਟਪੋਟ

On Punjab

Kolkata vs Rajasthan: ਕੋਲਕਾਤਾ ਨੇ ਰਾਜਸਥਾਨ ਨੂੰ 37 ਦੌੜਾਂ ਨਾਲ ਹਰਾ ਕੇ ਸੀਜ਼ਨ ਦੀ ਦੂਜੀ ਜਿੱਤ ਦਰਜ ਕੀਤੀ

On Punjab