ਅਮਰੀਕਾ ਵਿਚ ਕੈਲੀਫੋਰਨੀਆ ਦੇ ਇਕ ਮਸ਼ਹੂਰ ਸੈਲੀਬਿ੍ਟੀ ਰੈਸਤਰਾਂ ਵਿਚ ਗਾਇਕਾ ਅਨੰਨਿਆ ਪਾਂਡੇ ਅਤੇ ਪਰਿਵਾਰ ਨਾਲ ਨਸਲੀ ਭੇਦਭਾਵ ਕੀਤਾ ਗਿਆ। ਉਨ੍ਹਾਂ ਦੀ ਮਾਂ, ਭਰਾ ਸਮੇਤ ਪੂਰੇ ਪਰਿਵਾਰ ਨੂੰ ਬਾਹਰ ਕੱਢ ਦਿੱਤਾ ਗਿਆ। ਅਨੰਨਿਆ ਦੇਸ਼ ਦੇ ਉੱਘੇ ਉਦਯੋਗਪਤੀ ਅਤੇ ਆਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਦੀ ਧੀ ਹੈ।ਅਨੰਨਿਆ ਨੇ ਆਪਣੇ ਅਤੇ ਪਰਿਵਾਰ ਪ੍ਰਤੀ ਹੋਏ ਇਸ ਮਾੜੇ ਵਿਹਾਰ ਦੇ ਬਾਰੇ ਵਿਚ ਸ਼ਨਿਚਰਵਾਰ ਰਾਤ ਟਵੀਟ ਕੀਤਾ, ‘ਇਹ ਰੈਸਤਰਾਂ ਘੋਰ ਨਸਲਵਾਦੀ ਹੈ ਅਤੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਨਾਲ ਠੀਕ ਨਹੀਂ ਹੋਇਆ ਹੈ।’ ਘਟਨਾ ਕੈਲੀਫੋਰਨੀਆ ਦੇ ਸਕੋਪਾ ਰੈਸਤਰਾਂ ਵਿਚ ਹੋਈ। ਇਹ ਇਤਾਲਵੀ-ਅਮਰੀਕਨ ਰੈਸਤਰਾਂ ਸੈਲੀਬਿ੍ਟੀ ਸ਼ੈੱਫ ਐਂਟੋਨੀਓ ਲੋਫਾਸੋ ਦਾ ਹੈ। ਅਨੰਨਿਆ ਬਿਰਲਾ ਦੇ ਨਾਲ ਹੀ ਉਨ੍ਹਾਂ ਦੀ ਮਾਂ ਅਤੇ ਕੁਮਾਰ ਮੰਗਲਮ ਦੀ ਪਤਨੀ ਨੀਰਜਾ ਅਤੇ ਭਰਾ ਆਰੀਆਮਨ ਨੇ ਵੀ ਘਟਨਾ ਦੇ ਸਬੰਧ ਵਿਚ ਟਵੀਟ ਕੀਤੇ ਹਨ।ਕਲਾਕਾਰ ਅਤੇ ਸਿੰਗਰ ਅਨੰਨਿਆ ਨੇ ਰੈਸਤਰਾਂ ਮਾਲਕ ਐਂਟੋਨੀਓ ਨੂੰ ਵੀ ਟਵੀਟ ਕਰਦੇ ਹੋਏ ਕਿਹਾ ਕਿ ਸਾਨੂੰ ਖਾਣ ਲਈ ਤੁਹਾਡੇ ਰੈਸਤਰਾਂ ਵਿਚ ਤਿੰਨ ਘੰਟੇ ਇੰਤਜ਼ਾਰ ਕਰਨਾ ਪਿਆ। ਇੱਥੇ ਮੇਰੀ ਮਾਂ ਨਾਲ ਇਕ ਵੇਟਰ ਨੇ ਮਾੜਾ ਵਿਹਾਰ ਕੀਤਾ ਅਤੇ ਨਸਲੀ ਟਿੱਪਣੀ ਕੀਤੀ। ਕੁਮਾਰ ਮੰਗਲਮ ਦੀ ਪਤਨੀ ਅਤੇ ਅਨੰਨਿਆ ਦੀ ਮਾਂ ਨੇ ਵੀ ਇਸ ਸਬੰਧ ਵਿਚ ਟਵੀਟ ਕੀਤਾ ਕਿ ਇਹ ਅਪਮਾਨਜਨਕ ਹੈ। ਤੁਹਾਨੂੰ ਕਿਸੇ ਨਾਲ ਵੀ ਇਸ ਤਰ੍ਹਾਂ ਦਾ ਵਿਹਾਰ ਕਰਨ ਦਾ ਅਧਿਕਾਰ ਨਹੀਂ ਹੈ। ਕੁਮਾਰ ਮੰਗਲਮ ਦੇ ਪੁੱਤਰ ਆਰੀਆਮਨ ਬਿਰਲਾ ਨੇ ਟਵੀਟ ਕੀਤਾ ਹੈ ਕਿ ਮੇਰੇ ਨਾਲ ਅਜਿਹਾ ਵਿਹਾਰ ਕਿਤੇ ਨਹੀਂ ਹੋਇਆ। ਇਸ ਘਟਨਾ ਤੋਂ ਪਤਾ ਚੱਲਦਾ ਹੈ ਕਿ ਨਸਲੀ ਭੇਦਭਾਵ ਵਾਸਤਵ ਵਿਚ ਕੀਤਾ ਜਾਂਦਾ ਹੈ। ਟਵਿੱਟਰ ‘ਤੇ ਅਨੰਨਿਆ ਦੀ ਇਸ ਸ਼ਿਕਾਇਤ ਦੇ ਪੋਸਟ ਕਰਦੇ ਹੀ ਰੈਸਤਰਾਂ ਦੀ ਆਲੋਚਨਾ ਕੀਤੀ ਜਾਣ ਲੱਗੀ। ਅਨੰਨਿਆ ਦੇ ਟਵਿੱਟਰ ਅਕਾਊਂਟ ‘ਤੇ ਉਸ ਦੇ ਫੈਨਸ ਦੀ ਜ਼ਬਰਦਸਤ ਪ੍ਰਤੀਕਿਰਿਆ ਮਿਲ ਰਹੀ ਹੈ। ਇਕ ਟਵਿੱਟਰ ਯੂਜ਼ਰ ਨੇ ਤਾਂ ਉਨ੍ਹਾਂ ਨੂੰ ਸਲਾਹ ਦੇ ਦਿੱਤੀ ਕਿ ਤੁਸੀਂ ਪੂਰਾ ਰੈਸਤਰਾਂ ਹੀ ਖ਼ਰੀਦ ਲਵੋ।
previous post