ਪੰਜਾਬ ਪੁਲਿਸ ਬੁੱਧਵਾਰ ਨੂੰ ਕਾਂਗਰਸੀ ਆਗੂ ਅਲਕਾ ਲਾਂਬਾ ਦੇ ਘਰ ਪਹੁੰਚੀ। ਇਸ ਤੋਂ ਪਹਿਲਾਂ ਪੁਲਿਸ ਕੁਮਾਰ ਵਿਸ਼ਵਾਸ ਦੇ ਘਰ ਵੀ ਪਹੁੰਚੀ ਸੀ। ਅਲਕਾ ਲਾਂਬਾ ਨੇ ਟਵੀਟ ਕਰ ਕੇ ਕਿਹਾ, ਪੰਜਾਬ ਪੁਲਿਸ ਮੇਰੇ ਘਰ ਪਹੁੰਚ ਚੁੱਕੀ ਹੈ। ਪੰਜਾਬ ਪੁਲਿਸ ਘਰ ਦੀ ਕੰਧ ‘ਤੇ ਨੋਟਿਸ ਲਗਾ ਗਈ ਹੈ ਤੇ ਜਾਂਦੇ-ਜਾਂਦੇ ਸਰਕਾਰ ਵੱਲੋਂ ਧਮਕੀ ਵੀ ਦੇ ਗਈ ਹੈ ਕਿ 26 ਅਪ੍ਰੈਲ ਨੂੰ ਥਾਣੇ ‘ਚ ਪੇਸ਼ ਨਾ ਹੋਣ ‘ਤੇ ਅੰਜਾਮ ਬੁਰਾ ਹੋਵੇਗਾ।
ਇਸ ਤੋਂ ਪਹਿਲਾਂ ਅਲਕਾ ਲਾਂਬਾ ਨੇ ਕੁਮਾਰ ਵਿਸ਼ਵਾਸ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਸੀ, ਹੁਣ ਸਮਝ ਆ ਰਿਹਾ ਹੋਵੇਗਾ ਕਿ AAP ਨੂੰ ਪੁਲਿਸ ਕਿਉਂ ਚਾਹੀਦੀ ਸੀ। BJP ਵਾਂਗ ਸਿਰਫ਼ ਆਪਣੇ ਵਿਰੋਧੀਆਂ ਨੂੰ ਡਰਾਉਣ ਤੇ ਉਨ੍ਹਾਂ ਦੀ ਆਵਾਜ਼ ਦਬਾਉਣ ਲਈ।
ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਪੰਜਾਬ ਪੁਲਿਸ ਕੁਮਾਰ ਵਿਸ਼ਵਾਸ ਦੇ ਘਰ ਪਹੁੰਚੀ। ਕੁਮਾਰ ਵਿਸ਼ਵਾਸ ਨੇ ਟਵੀਟ ਕਰ ਕੇ ਲਿਖਿਆ, ਸਵੇਰੇ-ਸਵੇਰੇ ਪੰਜਾਬ ਪੁਲਿਸ ਘਰ ਪਧਾਰੀ। ਮੇਰੇ ਵੱਲੋਂ ਹੀ ਪਾਰਟੀ ‘ਚ ਸ਼ਾਮਲ ਕਰਵਾਏ ਗਏ ਭਗਵੰਤ ਮਾਨ ਨੂੰ ਅਪੀਲ ਕਰ ਰਿਹਾ ਹਾਂ ਕਿ ਤੁਸੀਂ ਦਿੱਲੀ ‘ਚ ਬੈਠੇ ਆਦਮੀ ਨੂੰ ਪੰਜਾਬ ਦੇ ਲੋਕਾਂ ਦੀ ਦਿੱਤੀ ਹੋਈ ਤਾਕਤ ਨਾਲ ਖੇਡਣ ਦੇ ਰਹੇ ਹੋ, ਉਹ ਇਕ ਦਿ ਨਪੰਜਾਬ ਨੂੰ ਵੀ ਧੋਖਾ ਦੇਵੇਗਾ, ਦੇਸ਼ ਮੇਰੀ ਚਿਤਾਵਨੀ ਯਾਦ ਰੱਖੇ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੁਮਾਰ ਵਿਸ਼ਵਾਸ ਨੇ ਅਰਵਿੰਦ ਕੇਜਰੀਵਾਲ ਬਾਰੇ ਇਕ ਬਿਆਨ ਦਿੱਤਾ ਸੀ। ਕੁਮਾਰ ਵਿਸ਼ਵਾਸ ਨੇ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਨੇ ਉਨ੍ਹਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਇਕ ਦਿਨ ਜਾਂ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਜਾਂ ਇਕ ਆਜ਼ਾਦ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣਨਗੇ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਪੰਜਾਬ ਨਾਲ ਜੁੜਿਆ ਸੀ। ਅਜਿਹੇ ਵਿਚ ਪੰਜਾਬ ਪੁਲਿਸ ਦੀ ਇਕ ਟੀਮ ਜਾਂਚ ਕਰ ਰਹੀ ਹੈ। ਇਸ ਮਾਮਲੇ ‘ਚ ਪੁੱਛਗਿੱਛ ਲਈ ਕੁਮਾਰ ਵਿਸ਼ਵਾਸ ਦੇ ਘਰ ਪਹੁੰਚੀ ਸੀ। ਹਾਲਾਂਕਿ ਪੰਜਾਬ ਸਰਕਾਰ ਜਾਂ ਪੁਲਿਸ ਨੇ ਇਸ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਹੈ।