ਚੰਡੀਗੜ੍ਹ- ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ (DC) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਕਾਰ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਦੇ ਖੇਡੇ ਗਏ ਇਕ ਮੈਚ ਤੋਂ ਬਾਅਦ ਦਿੱਲੀ ਦਾ ਕੁਲਦੀਪ ਯਾਦਵ, ਕੇਕੇਆਰ ਦੇ ਰਿੰਕੂ ਸਿੰਘ ਨੂੰ ਥੱਪੜ ਮਾਰਦਿਆਂ ਕੈਮਰੇ ਵਿੱਚ ਕੈਦ ਹੋ ਗਿਆ ਸੀ। ਵਾਇਰਲ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਉਸ ਨੇ ਅਜਿਹਾ ਇਕ ਵਾਰ ਨਹੀਂ, ਸਗੋਂ ਦੋ ਵਾਰ ਕੀਤਾ।
ਵੀਡੀਓ, ਜੋ ਤੇਜ਼ੀ ਨਾਲ ਵਾਇਰਲ ਹੋ ਗਈ ਵਿਚ ਕੁਲਦੀਪ ਅਤੇ ਰਿੰਕੂ ਨੂੰ ਦੂਜੇ ਖਿਡਾਰੀਆਂ ਨਾਲ ਇੱਕ ਹਲਕੇ-ਫੁਲਕੇ ਪਲ ਸਾਂਝੇ ਕਰਦਿਆਂ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਮਾਹੌਲ ਉਦੋਂ ਬਦਲ ਗਿਆ ਜਦੋਂ ਕੁਲਦੀਪ ਨੇ ਅਚਾਨਕ ਰਿੰਕੂ ਨੂੰ ਥੱਪੜ ਮਾਰਿਆ ਜੋ ਅਸਲ ਵਿਚ ਇਕ ਹਾਸੇ-ਠੱਠੇ ਵਾਲਾ ਮਾਮਲਾ ਜਾਪਦਾ ਸੀ।
ਇੰਟਰਨੈੱਟ ਵਰਤੋਂਕਾਰਾਂ ਨੇ ਇਸ ਸਬੰਧੀ ਕੁਲਦੀਪ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਕੁਝ ਨੇ ਤਾਂ ਬੀਸੀਸੀਆਈ ਤੋਂ ਕੁਲਦੀਪ ਦੀ ਮੁਅੱਤਲੀ ਦੀ ਮੰਗ ਕੀਤੀ ਹੈ। ਪਹਿਲਾਂ ਮੈਚ ਵਿਚ ਕੇਕੇਆਰ ਨੇ ਡੀਸੀ ਨੂੰ 14 ਦੌੜਾਂ ਨਾਲ ਹਰਾ ਕੇ ਆਪਣੀਆਂ ਪਲੇਅ-ਆਫ ਵਿਚ ਪੁੱਜਣ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ।
ਕੇਕੇਆਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੰਗਕ੍ਰਿਸ਼ ਰਘੂਵੰਸ਼ੀ (44) ਅਤੇ ਰਿੰਕੂ ਸਿੰਘ ਦੇ ਠੋਸ ਯੋਗਦਾਨ ਦੀ ਬਦੌਲਤ 9 ਵਿਕਟਾਂ ‘ਤੇ 204 ਦੌੜਾਂ ਦਾ ਸਕੋਰ ਬਣਾਇਆ। ਫਾਫ ਡੂ ਪਲੇਸਿਸ ਦੇ ਸੰਘਰਸ਼ਪੂਰਨ 62, ਅਕਸ਼ਰ ਪਟੇਲ ਦੇ 43 ਅਤੇ ਵਿਪ੍ਰਜ ਨਿਗਮ ਦੀਆਂ ਤੇਜ਼ 38 ਦੌੜਾਂ ਦੇ ਬਾਵਜੂਦ, ਦਿੱਲੀ 9 ਵਿਕਟਾਂ ‘ਤੇ 190 ਦੌੜਾਂ ਹੀ ਬਣਾ ਸਕੀ।