ਕਾਂਗਰਸ ਵਿਧਾਇਕ ਕੁਲਬੀਰ ਜ਼ੀਰਾ ਦੀ ਸਸਪੈਂਸ਼ਨ ਰੱਦ ਕਰ ਦਿੱਤੀ ਹੈ। ਕੁਲਬੀਰ ਜ਼ੀਰਾ ਨੂੰ ਬਹਾਲ ਕੀਤਾ ਗਿਆ ਹੈ। ਚੰਡੀਗੜ੍ਹ ਵਿਖੇ ਪੰਜਾਬ ਭਵਨ ਵਿਖੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਤ ਤੋਂ ਇਹ ਫੈਸਲਾ ਲਿਆ ਗਿਆ ਹੈ। ਇਸ ਮੁਲਾਕਾਤ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਵੀ ਮੌਜੂਦ ਸਨ। ਨਸ਼ਿਆਂ ਦੇ ਮੁੱਦੇ ‘ਤੇ ਚੁੱਕੇ ਬਗਾਵਤੀ ਸੁਰ ਤੋਂ ਬਾਅਦ ਕਾਂਗਰਸ ਨੇ ਵਿਧਾਇਕ ਕੁਲਬੀਰ ਜ਼ੀਰਾ ਨੂੰ ਸਸਪੈਂਡ ਕਰ ਦਿੱਤਾ ਸੀ।
ਅਨੁਸ਼ਾਸਨਹੀਣਤਾ ਦੇ ਚੱਲਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕੁਲਬੀਰ ਜ਼ੀਰਾ ਨੂੰ ਸਸਪੈਂਡ ਕੀਤਾ ਹੈ। ਆਪਣੇ ਸਸਪੈਂਸ਼ਨ ਉੱਤੇ ਕੁਲਬੀਰ ਜ਼ੀਰਾ ਨੇ ਕਿਹਾ ਸੀ ਕਿ ਨਸ਼ੇ ਦੇ ਖਿਲਾਫ ਉਸਦੀ ਲੜਾਈ ਜਾਰੀ ਰਹੇਗੀ। ਇਸ ਤੋਂ ਪਹਿਲਾਂ ਆਪਣੀ ਸਰਕਾਰ ਦੇ ਦਾਅਵਿਆਂ ‘ਤੇ ਸਵਾਲ ਚੁੱਕਣ ਵਾਲੇ ਵਿਧਾਇਕ ਕੁਲਬੀਰ ਜ਼ੀਰਾ ਨੇ ਪਾਰਟੀ ਦੇ ਕਾਰਨ ਦੱਸੋ ਨੋਟਿਸ ਦਾ ਦਿੱਤਾ ਜਵਾਬ ਦਿੱਤਾ ਸੀ।
ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਈ-ਮੇਲ ਜ਼ਰੀਏ ਦਿੱਤਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ਫਿਰੋਜ਼ਪੁਰ ‘ਚ ਨਸ਼ਿਆਂ ਬਾਰੇ ਜੋ ਕਿਹਾ, ਉਹ ਸੱਚ…ਪਰ ਸਰਕਾਰ ਜਾਂ ਮੁੱਖ ਮੰਤਰੀ ਦੀ ਸ਼ਾਨ ਖਿਲਾਫ ਨਹੀਂ ਕੁਝ ਬੋਲਿਆ। ਜਵਾਬ ‘ਚ ਲਿਖਿਆ, ‘ਨਸ਼ਿਆਂ ਬਾਰੇ ਜੋ ਕਿਹਾ, ਸੱਚ ਕਿਹਾ’ ਤੇ ਨਾ ਮੈਂ ਸਰਕਾਰ ਖਿਲਾਫ਼ ਬੋਲਿਆ, ਨਾ CM ਦੀ ਸ਼ਾਨ ਖਿਲਾਫ਼।
ਇਸ ਜਵਾਬ ਵਿੱਚ ਫ਼ਿਰੋਜ਼ਪੁਰ ਰੇਂਜ ਦੇ ਐੱਮ.ਐੱਸ. ਛੀਨਾ ‘ਤੇ ਮੁੜ ਚੁੱਕੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ‘ਨਸ਼ਾ ਉਦੋਂ ਤੱਕ ਖ਼ਤਮ ਨਹੀਂ ਹੋਵੇਗਾ, ਜਦੋਂ ਤੱਕ ਛੀਨਾ ਵਰਗੇ ਇਮਾਨਦਾਰ ਨਹੀਂ ਬਣਦੇ’। ਜ਼ੀਰਾ ਨੇ ਕਿਹਾ ਕਿ ਮੈਂ ਵਿਧਾਇਕ ਬਣਨ ਵੇਲੇ ਖਾਧੀ ਸਹੁੰ ਦੀ ਪਾਲਣਾ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਉਸਨੇ ਸਹੁੰ ਖਾਧੀ ਸੀ ਕਿ ਇਮਾਨਦਾਰੀ ਨਾਲ ਸੇਵਾ ਕਰਾਂਗਾ।
ਕੀ ਹੈ ਪੂਰਾ ਮਾਮਲਾ:
ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਫ਼ਿਰੋਜ਼ਪੁਰ ‘ਚ ਸਰਕਾਰੀ ਪ੍ਰੋਗਰਾਮ ‘ਚ ਨਸ਼ਿਆਂ ਦੇ ਕਾਲੇ ਕਾਰੋਬਾਰ ‘ਚ ਅਫ਼ਸਰਾਂ ਤੇ ਪ੍ਰਭਾਵਸ਼ਾਲੀ ਲੋਕਾਂ ਦੀ ਮਿਲੀਭੁਗਤ ਸਬੰਧੀ ਖੁਲਾਸੇ ਕੀਤੇ ਸਨ। ਉਹ ਮਨਪ੍ਰੀਤ ਬਾਦਲ ਦੀ ਹਾਜ਼ਰੀ ਵਿੱਚ ਪੰਚਾਂ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰਕੇ ਉੱਥੋਂ ਚਲੇ ਗਏ ਸਨ।
ਜ਼ੀਰਾ ਨੇ ਇਲਜ਼ਾਮ ਲਾਇਆ ਸੀ ਕਿ ਸਰਕਾਰ ਤੇ ਪੁਲਿਸ ਨਸ਼ੇ ਖ਼ਤਮ ਕਰਨ ਵਿੱਚ ਸਫ਼ਲ ਨਹੀਂ ਹੋਈ। ਜ਼ੀਰਾ ਨੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਤੇ ਮੰਚ ਤੋਂ ਸਾਰਿਆਂ ਸਾਹਮਣੇ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਤੇ ਉੱਥੋਂ ਚਲੇ ਗਏ। ਇਹ ਦੇਖ ਸਮਾਗਮ ਦੇ ਮੁੱਖ ਮਹਿਮਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਡੌਰ-ਭੌਰ ਹੋ ਗਏ ਸੀ।