ਗੋਰਖਪੁਰ: ਸੋਸ਼ਲ ਮੀਡੀਆ ਟਿਕਟੌਕ ਦੀਆਂ ਆਏ ਦਿਨ ਖ਼ਤਰਨਾਕ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਹੁਣ ਤਾਜ਼ਾ ਮਾਮਲਾ ਗੁਰਖਪੁਰ ਤੋਂ ਹੈ ਜਿੱਥੇ ਸ਼ਰਾਰਤੀ ਅਨਸਰਾਂ ਨੇ ਪਹਿਲਾਂ ਟਿਕਟੌਕ ਤੋਂ ਇੱਕ ਕੁੜੀ ਦੀ ਵੀਡੀਓ ਚੁੱਕੀ ਤੇ ਫਿਰ ਫੋਟੋਸ਼ਾਪ ਨਾਲ ਐਡਿਟ ਕਰਕੇ ਉਸ ਨੂੰ ਅਸ਼ਲੀਲ ਬਣਾ ਕੇ ਵਾਇਰਲ ਕਰ ਦਿੱਤਾ। ਗੋਰਖਪੁਰ ਪੁਲਿਸ ਤੇ ਕ੍ਰਾਈਮ ਬਰਾਂਚ ਨੇ ਪ੍ਰਯਾਗਰਾਜ ਦੇ ਚਾਰ ਨੌਜਵਾਨਾਂ ਨੂੰ ਇਸ ਸ਼ਰਮਨਾਕ ਕਾਰੇ ਲਈ ਗ੍ਰਿਫ਼ਤਾਰ ਕੀਤਾ ਹੈ। ਪੀੜਤ ਲੜਕੀ ਨੇ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਸੀ।
ਗੋਰਖਪੁਰ ਵਾਸੀ ਲੜਕੀ ਨੇ ਟਿਕਟੌਕ ‘ਤੇ ਆਪਣੀ ਵੀਡੀਓ ਸ਼ੇਅਰ ਕੀਤੀ ਸੀ ਪਰ ਪ੍ਰਯਾਗਰਾਜ ਦੇ ਰਹਿਣ ਵਾਲੇ ਚਾਰ ਨੌਜਵਾਨਾਂ ਨੇ ਇਸ ਵੀਡੀਓ ਨੂੰ ਫੋਟੋਸ਼ਾਪ ਨਾਲ ਅਸ਼ਲੀਲ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਸੀ। ਜਦੋਂ ਲੜਕੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ। ਐਸਐਸਪੀ ਦੇ ਨਿਰਦੇਸ਼ਾਂ ‘ਤੇ ਜਾਂਚ ਵਿੱਚ ਜੁਟੀ ਕ੍ਰਾਈਮ ਬਰਾਂਚ ਦੀ ਟੀਮ ਨੇ ਬੁੱਧਵਾਰ ਨੂੰ ਪ੍ਰਯਾਗਰਾਜ ਦੇ ਚਾਰ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਪੁੱਛਗਿੱਛ ਦੌਰਾਨ ਚਾਰਾਂ ਨੌਜਵਾਨਾਂ ਦੀ ਪਛਾਣ ਵਿਪਿਨ ਸ੍ਰੀਵਾਸਤਵ, ਵਿਨੋਦ ਸ੍ਰੀਵਾਸਤਵ, ਇਜ਼ਰਾਈਲ ਉਰਫ ਕਬਾੜੀ ਤੇ ਅਰੁਣ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਤਿਆਰੀ ਕਰ ਲਈ ਹੈ।