ਹਰਿਦੁਆਰ ਕੁੰਭ ‘ਚ ਹਿੱਸਾ ਲੈ ਕੇ ਪਰਤੇ ਨੇਪਾਲ ਦੇ ਸਾਬਕਾ ਰਾਜਾ ਗਿਆਨੇਂਦਰ ਸ਼ਾਹ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਨੇਪਾਲ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਗਿਆਨੇਂਦਰ ਸ਼ਾਹ ਆਪਣੀ ਪਤਨੀ ਕੋਮਲ ਸ਼ਾਹ ਨਾਲ ਐਤਵਾਰ ਨੂੰ ਭਾਰਤ ਤੋਂ ਪਰਤੇ ਸਨ। ਕੋਰੋਨਾ ਦੀ ਗਾਈਡਲਾਈਨ ਕਾਰਨ ਮੰਗਲਵਾਰ ਨੂੰ ਟੈਸਟ ਕੀਤਾ ਗਿਆ ਤਾਂ ਦੋਵਾਂ ਦੀ ਹੀ ਪਾਜ਼ੇਟਿਵ ਰਿਪੋਰਟ ਆਈ ਹੈ। ਗਿਆਨੇਂਦਰ ਸ਼ਾਹ ਆਪਣੀ ਪਤਨੀ ਨਾਲ ਹੋਮ ਆਈਸੋਲੇਸ਼ਨ ‘ਚ ਚਲੇ ਗਏ ਹਨ। ਗਿਆਨੇਂਦਰ ਸ਼ਾਹ ਨੂੰ ਹਰਿਦੁਆਰ ਦੀ ਮਹਾਕੁੰਭ ਮੇਲਾ 2021 ਦੀ ਵਿਸ਼ੇਸ਼ ਕਮੇਟੀ ਨੇ ਸੱਦਾ ਦਿੱਤਾ ਸੀ। ਉਹ 12 ਅਪ੍ਰਰੈਲ ਦੇ ਸ਼ਾਹੀ ਇਸ਼ਨਾਨ ‘ਚ ਮੁੱਖ ਮਹਿਮਾਨ ਸਨ। ਉਨ੍ਹਾਂ ਹੋਰ ਕਈ ਪ੍ਰਰੋਗਰਾਮਾਂ ‘ਚ ਹਿੱਸਾ ਲਿਆ ਸੀ। ਉਹ ਬਾਬਾ ਰਾਮਦੇਵ ਦੇ ਪਤੰਜਲੀ ਯੋਗ ਪੀਠ ਵੀ ਗਏ ਸਨ। ਉਨ੍ਹਾਂ ਨੇ ਨਿਰੰਜਨੀ ਅਖਾੜੇ ਦੇ ਮਹਾਮੰਡਲੇਸ਼ਵਰ ਆਚਾਰੀਆ ਕੈਲਾਸ਼ ਚੰਦ ਗਿਰੀ ਮਹਾਰਾਜ ਨਾਲ ਦੱਖਣੀ ਕਾਲੀ ਮੰਦਰ ‘ਚ ਭੇਟ ਕੀਤੀ ਸੀ। ਉਨ੍ਹਾਂ ਨੇ ਇਕ ਹੋਰ ਪ੍ਰਰੋਗਰਾਮ ‘ਚ ਹਿੰਦੂ ਧਰਮ ਦੀ ਮਹੱਤਾ ‘ਤੇ ਸਾਧੂਆਂ ਨੂੰ ਸੰਬੋਧਨ ਕੀਤਾ ਸੀ। ਉਨ੍ਹਾਂ ਦਾ ਸਵਾਗਤ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਕੀਤਾ ਸੀ।