ਆਲ ਇੰਡੀਆ ਕਿਸਾਨ ਮਜ਼ਦੂਰ ਸਭਾ ਦੇ ਕੌਮੀ ਜਨਰਲ ਸਕੱਤਰ ਅਤੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਕੋਰ ਕਮੇਟੀ ਮੈਂਬਰ ਡਾ ਅਸ਼ੀਸ਼ ਮਿੱਤਲ ਅਤੇ ਸਮਾਜਿਕ ਕਾਰਕੁਨ ਉਮਰ ਖਾਲਿਦ ਨੂੰ ਅਲਾਹਾਬਾਦ ਪੁਲਸ ਵੱਲੋਂ ਸੀ ਏ ਏ, ਐੱਨ ਆਰ ਸੀ ਅਤੇ ਐੱਨ ਪੀ ਆਰ ਵਿਰੁੱਧ ਮਨਸੂਰ ਅਲੀ ਪਾਰਕ ਅਲਾਹਾਬਾਦ ਵਿੱਚ ਲੱਗੇ ਧਰਨੇ ਨੂੰ ਉਠਾਉਣ ਲਈ ਗ੍ਰਿਫਤਾਰ ਕਰਨ ਦੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ, ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਝੂਠੇ ਕੇਸ ਇਨ੍ਹਾਂ ਆਗੂਆਂ ਉੱਪਰ ਪਾਏ ਗਏ ਤਾਂ ਇਸ ਵਿਰੁੱਧ ਤਿੱਖਾ ਸੰਘਰਸ਼ ਕੀਤਾ ਜਾਵੇਗਾ ।
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਸੂਬਾ ਆਗੂ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਦੁਨੀਆਂ ਪੱਧਰ ਤੇ ਫੈਲੀ ਮਹਾਂਮਾਰੀ ਕਰੋਨਾ ਵਾਇਰਸ ਦੇ ਡਰੋਂ ਪੰਜਾਬ ਦੇ ਲੋਕਾਂ ਨੂੰ ਜਬਰੀ ਘਰਾਂ ਅੰਦਰ ਬੰਦ ਕਰ ਦੇਣਾ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨਾਕਾਮੀਆਂ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਦੀ ਬਜਾਏ ਲੋਕਾਂ ਸਿਰ ਹੀ ਸਾਰੀ ਜ਼ਿੰਮੇਵਾਰੀ ਮੜ੍ਹ ਕੇ ਖੁਦ ਟਾਲਾ ਵੱਟ ਲੈਣਾ ਸਰਕਾਰ ਦੇ ਲੋਕ ਵਿਰੋਧੀ ਖਾਸੇ ਨੂੰ ਦਰਸਾਉਂਦਾ ਹੈ ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਗਰ ਕੌਂਸਲਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਰਾਹੀਂ ਲੋਕਾਂ ਤੱਕ ਖਾਣ ਪੀਣ ਦੀਆਂ ਵਸਤਾਂ ਤੋਂ ਇਲਾਵਾ ਸਿਹਤ ਸਹੂਲਤਾਂ ਅਤੇ ਦਵਾਈਆਂ ਤੁਰੰਤ ਮੁਹੱਈਆ ਕਰਵਾਈਆਂ ਜਾਣ । ਦਿੱਲੀ ਦੇ ਸ਼ਾਹੀਨ ਬਾਗ ਵਿੱਚ ਜਾਬਤਾ ਬੱਧ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੀਆਂ ਪੰਜਾਂ ਔਰਤਾਂ ਨੂੰ ਗ੍ਰਿਫਤਾਰ ਕਰਨ ਅਤੇ ਸ਼ਹੀਨ ਬਾਗ ਵਿੱਚ ਪਏ ਸਮਾਨ ਉੱਪਰ ਬੁਲਡੋਜ਼ਰ ਚਲਾਉਣ ਦੀ ਉਨ੍ਹਾਂ ਨੇ ਸਖਤ ਨਿਖੇਧੀ ਕੀਤੀ ਅਤੇ ਇਸ ਨੂੰ ਤਾਨਾਸ਼ਾਹੀ ਕਰਾਰ ਦਿੱਤਾ ।