ਪਟਿਆਲਾ ਸੈਂਟਰਲ ਜੇਲ੍ਹ ਮੁਡ਼ ਵਿਵਾਦਾਂ ’ਚ ਘਿਰ ਗਈ ਹੈ। ਜੇਲ੍ਹ ’ਚ ਜਿੱਥੇ ਸ਼ਨਿੱਚਰਵਾਰ ਨੂੰ ਇਕ ਹੋਮਗਾਰਡ ਨੂੰ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਸਰਕਾਰੀ ਰਜਿੰਦਰਾ ਹਸਪਤਾਲ ’ਚ ਦਾਖਲ ਹੋਮ ਗਾਰਡ ਜੇਲ੍ਹ ਸੁਪਰਡੈਂਟ ਤੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਦੂਜੇ ਪਾਸੇ ਜੇਲ੍ਹ ਸੁਪਰਡੈਂਟ ਵਲੋਂ ਇਨ੍ਹਾਂ ਦੋਸ਼ਾਂ ਨੂੰ ਮੁੱਢੋ ਨਕਾਰ ਦਿੱਤਾ ਹੈ।
ਜ਼ਖ਼ਮੀ ਹੋਮਗਾਰਡ ਗੁਰਪ੍ਰੀਤ ਸਿੰਘ ਨੇ ਭਰਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਜੇਲ੍ਹ ਦੇ ਟਾਵਰ ’ਚ ਤਾਇਨਾਤ ਸੀ। ਸ਼ਨਿੱਚਵਾਰ ਦੀ ਸਵੇਰ ਉਸ ਦਾ ਭਰਾ ਡਿਊਟੀ ’ਤੇ ਗਿਆ ਸੀ ਤੇ 11 ਵਜੇ ਦੇ ਕਰੀਬ ਗਰਮੀ ਜ਼ਿਆਦਾ ਹੋਣ ਕਰ ਕੇ ਉਸ ਨੂੰ ਘਬਰਾਹਟ ਹੋਣ ਲੱਗ ਪਈ ਤੇ ਉਸ ਨੇ ਆਪਣੇ ਬੂਟ ਲਾਹ ਦਿੱਤੇ। ਇਸ ਦੌਰਾਨ ਉਥੋਂ ਲੰਘ ਰਹੇ ਸੁਪਰਡੈਂਟ ਨੇ ਉਸ ਨੂੰ ਅਜਿਹੀ ਹਾਲਤ ’ਚ ਦੇਖ ਲਿਆ ਤੇ ਉਸ ਦੀ ਕੋਈ ਵੀ ਗੱਲ ਨਾ ਸੁਣਦਿਆਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕਿਸੇ ਵੀ ਅਧਿਕਾਰੀਆਂ ਵਲੋਂ ਕਰਮਚਾਰੀ ਦੀ ਕੁੱਟਮਾਰ ਕਰਨਾ ਚੰਗੀ ਗੱਲ ਨਹੀਂ ਹੈ, ਜਿਸ ਕਾਰਨ ਉਸ ਦੇ ਭਰਾ ਦੀ ਤਬੀਅਤ ਵਿਗਡ਼ ਗਈ ਤਾਂ ਉਥੇ ਮੌਜੂਦ ਹੋਮਗਾਰਡ ਇੰਚਾਰਜ ਨੇ ਉਸ ਦੇ ਭਰਾ ਨੂੰ ਜ਼ਖ਼ਮੀ ਹਾਲਤ ’ਚ ਭਰਤੀ ਕਰਵਾਇਆ ਹੈ। ਉਨ੍ਹਾਂ ਦੀ ਜੇਲ੍ਹ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਜੇਲ੍ਹ ਸਟਾਫ਼ ਆਪਣੇ ਮੁਲਾਜ਼ਮਾਂ ਨਾਲ ਅਜਿਹਾ ਰਵੱਈਆ ਅਪਣਾ ਰਿਹਾ ਹੈ ਤਾਂ ਜੇਲ੍ਹ ਅੰਦਰ ਬੰਦ ਕੈਦੀਆਂ ਦਾ ਕੀ ਹਾਲ ਹੋਵੇਗਾ।
ਰਿਪੋਰਟ ਬਣਾ ਕੇ ਭੇਜੀ ਜਾਵੇਗੀ ਉੱਚ ਅਧਿਕਾਰੀਆਂ ਨੂੰ : ਭਗਵਾਨ ਸਿੰਘ
ਹੋਮਗਾਰਡ ਦੇ ਸਬ-ਇੰਸਪੈਕਟਰ ਭਗਵਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਜੇਲ੍ਹ ਦੇ ਅੰਦਰ ਰਹਿੰਦੀ ਹੈ। ਟਾਵਰ ’ਤੇ ਤਾਇਨਾਤ ਗੁਰਪ੍ਰੀਤ ਸਿੰਘ ਦੀ ਹਾਲਤ ਵਿਗਡ਼ਨ ’ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹੋਮ ਗਾਰਡ ਗੁਰਪ੍ਰੀਤ ਸਿੰਘ ਨੇ ਜੇਲ੍ਹ ਸੁਪਰਡੈਂਟ ’ਤੇ ਕੁੱਟਮਾਰ ਦੇ ਦੋਸ਼ ਲਾਏ ਹਨ, ਜਿਸ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ।
ਕੁੱਟਮਾਰ ਦੇ ਦੋਸ਼ ਬੇਬੁਨਿਆਦ : ਜੇਲ੍ਹ ਸੁਪਰਡੈਂਟ
ਉਕਤ ਮਾਮਲੇ ਸਬੰਧੀ ਪੁੱਛਣ ’ਤੇ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਨੇ ਦੱਸਿਆ ਕਿ ਹੋਮਗਾਰਡ ਗੁਰਪ੍ਰੀਤ ਸਿੰਘ ਵਰਦੀ ਦੇ ਬਟਨ ਖੋਲ੍ਹ ਕੇ ਡਿਊਟੀ ’ਤੇ ਲਾਪਰਵਾਹੀ ਨਾਲ ਬੈਠਾ ਸੀ। ਪਿਛਲੇ ਕੁਝ ਦਿਨਾਂ ਤੋਂ ਜੇਲ੍ਹ ਅੰਦਰ ਬਾਹਰੀ ਵਿਅਕਤੀਆਂ ਵੱਲੋਂ ਨਸ਼ੀਲੇ ਪਦਾਰਥਾਂ ਦੇ ਪੈਕੇਟ ਅਤੇ ਹੋਰ ਸਮਾਨ ਲੈ ਕੇ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ। ਜੇਲ੍ਹ ’ਚ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਉਕਤ ਹੋਮਗਾਰਡ ਵਲੋਂ ਡਿਊਟੀ ਪ੍ਰਤੀ ਲਾਪਰਵਾਹੀ ਵਰਤਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਕੋਈ ਕੁੱਟਮਾਰ ਨਹੀ ਕੀਤੀ ਗਈ, ਉਹ ਜਾਣ ਬੁੱਝ ਕੇ ਝੂਠੇ ਦੋਸ਼ ਲਗਾ ਰਿਹਾ ਹੈ। ਡਿਊਟੀ ’ਤੇ ਲਾਪਰਵਾਹੀ ਵਰਤਣ ਕਾਰਨ ਉਸ ਤੋਂ ਸਿਰਫ਼ ਜਵਾਬ ਮੰਗਿਆ ਗਿਆ ਸੀ, ਹੋਮਗਾਰਡ ਨੂੰ ਮੁਅੱਤਲ ਨਾ ਕਰਦਿਆਂ ਬਲਕਿ ਡਿਊਟੀ ਸਹੀ ਢੰਗ ਨਾਲ ਕਰਨ ਲਈ ਕਿਹਾ ਸੀ। ਅਜਿਹੇ ’ਚ ਹੋਮਗਾਰਡ ਗੁਰਪ੍ਰੀਤ ਸਿੰਘ ਬੇ-ਵਜ੍ਹਾ ਦੋਸ਼ ਲਗਾ ਕੇ ਮਾਮਲੇ ਨੂੰ ਭਡ਼ਕਾਅ ਰਿਹਾ ਹੈ।