NHAI issue Fastag Free: ਨਵੀਂ ਦਿੱਲੀ: 1 ਦਸੰਬਰ ਤੋਂ ਦੇਸ਼ ਭਰ ਦੇ ਸਾਰੇ ਟੋਲ ਕੈਸ਼ਲੈਸ ਹੋਣ ਜਾ ਰਹੇ ਹਨ । ਜਿਸ ਕਾਰਨ ਹੁਣ ਫਾਸਟੈਗ ਤੋਂ ਬਿਨ੍ਹਾਂ ਤੁਸੀਂ ਟੋਲ ਪਾਰ ਨਹੀਂ ਕਰ ਸਕੋਗੇ । ਹੁਣ ਫਾਸਟੈਗ ਤੋਂ ਬਿਨ੍ਹਾਂ ਟੋਲ ਪਲਾਜ਼ਾ ‘ਤੇ ਲੰਘਣ ਵਾਲੀ ਗੱਡੀ ਨੂੰ ਦੁੱਗਣਾ ਚਾਰਜ ਭਰਨਾ ਪੈ ਸਕਦਾ ਹੈ । ਦਰਅਸਲ, ਕੇਂਦਰ ਸਰਕਾਰ ਵੱਲੋਂ ਫਾਸਟੈਗ ਨੂੰ ਅੱਗੇ ਵਧਾਉਣ ਲਈ 1 ਦਸੰਬਰ ਤੱਕ ਮੁਫਤ ਉਪਲੱਬਧ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ ।
ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ । ਇਸ ਵਿੱਚ ਗਡਕਰੀ ਨੇ ਦੱਸਿਆ ਕਿ 1 ਦਸੰਬਰ ਤੋਂ ਦੇਸ਼ ਭਰ ਦੇ ਕੌਮੀ ਰਾਜਮਾਰਗਾਂ ‘ਤੇ ਸਥਿਤ ਟੋਲ ਪਲਾਜ਼ਾ ‘ਤੇ ਨਕਦੀ ਵਿੱਚ ਟੋਲ ਦੇਣ ਦੀ ਸਹੂਲਤ ਖਤਮ ਕੀਤੀ ਜਾ ਰਹੀ ਹੈ । ਜਿਥੇ ਹੁਣ ਸਿਰਫ ਟੋਲ ਦੀ ਅਦਾਇਗੀ ਫਾਸਟੈਗ ਨਾਲ ਕੀਤੀ ਜਾ ਸਕੇਗੀ ।
ਉਨ੍ਹਾਂ ਦੱਸਿਆ ਕਿ NHAI ਵੱਲੋਂ ਇਸ ਲਈ ਪੂਰੀ ਤਿਆਰੀ ਕਰ ਲਈ ਗਈ ਹੈ । ਇਸ ਸਮੇਂ NHAI ਦੇ ਨੈਟਵਰਕ ਵਿੱਚ ਕੁੱਲ 537 ਟੋਲ ਪਲਾਜ਼ਾ ਹਨ । ਜਿਨ੍ਹਾਂ ਵਿੱਚੋਂ 17 ਨੂੰ ਛੱਡ ਕੇ ਬਾਕੀ ਟੋਲ ਪਲਾਜ਼ਿਆਂ ਦੀਆਂ ਲੇਨਾਂ 30 ਨਵੰਬਰ ਤੱਕ ਫਾਸਟੈਗ ਨਾਲ ਲੈਸ ਹੋ ਜਾਣਗੀਆਂ । ਉਨ੍ਹਾਂ ਦੱਸਿਆ ਕਿ ਇਸ ਸਮੇਂ ਫਾਸਟੈਗ ਵੇਚਦੇ ਸਮੇਂ 150 ਰੁਪਏ ਦੀ ਸਕਿਓਰਿਟੀ ਡਿਪਾਜ਼ਿਟ ਲਈ ਜਾਂਦੀ ਹੈ, ਪਰ ਇਸ ਨੂੰ ਉਤਸ਼ਾਹਿਤ ਕਰਨ ਲਈ NHAI ਵੱਲੋਂ ਇਸਨੂੰ 1 ਦਸੰਬਰ ਤੱਕ ਮੁਫਤ ਦਿੱਤਾ ਜਾਵੇਗਾ । ਜਿਸ ਦੇ ਚੱਲਦਿਆਂ 1 ਦਸੰਬਰ ਤੱਕ ਇਸਨੂੰ ਖਰੀਦਣ ਲਈ 150 ਰੁਪਏ ਨਹੀਂ ਦੇਣੇ ਪੈਣਗੇ ।
ਦੱਸ ਦੇਈਏ ਕਿ ਇਹ ਮੁਫਤ ਫਾਸਟੈਗ ਸਿਰਫ NHAI ਦੇ ਪੁਆਇੰਟ ਆਫ ਸੇਲ ‘ਤੇ ਉਪਲਬਧ ਹੋਵੇਗਾ । ਸਾਰੇ ਹਾਈਵੇਜ਼ ‘ਤੇ ਇਕ ਲੇਨ ਨੂੰ ਹਾਈਬ੍ਰਿਡ ਲੇਨ ਬਣਾਉਣ ਦਾ ਫੈਸਲਾ ਲਿਆ ਗਿਆ ਹੈ । ਇਸ ਲੇਨ ‘ਤੇ ਫਾਸਟੈਗ ਤੋਂ ਇਲਾਵਾ ਹੋਰ ਮਾਧਿਅਮਾਂ ਰਾਹੀਂ ਵੀ ਭੁਗਤਾਨ ਸਵੀਕਾਰ ਕੀਤਾ ਜਾਵੇਗਾ । ਇਸ ਨਿਯਮ ਦੇ ਚੱਲਦਿਆਂ ਹੁਣ ਨਵੀਂ ਕਾਰ ਨਾਲ ਹੀ ਗ੍ਰਾਹਕ ਨੂੰ ਫਾਸਟੈਗ ਜਾਰੀ ਕਰਨ ਬਾਰੇ ਕਿਹਾ ਗਿਆ ਹੈ ।