Manpreet Badal financial crisis ਚੰਡੀਗੜ੍ਹ : ਪੰਜਾਬ ਦੇ ਵਿੱਤੀ ਸੰਕਟ ਨੂੰ ਦੇਖਦੇ ਹੋਏ ਰਾਜ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਅੱਜ ਦਿੱਲੀ ਪਹੁੰਚ ਕੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ, ਜਿਸ ਵਿਚ ਉਨ੍ਹਾਂ ਨੇ ਸੀਤਾਰਮਨ 4100 ਕਰੋੜ ਰੁਪਏ ਦੀ ਰਾਜ ਦੀ ਜੀ. ਐੱਸ. ਟੀ. ਦੀ ਬਕਾਇਆ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ। ਇਸ ਮੁਲਾਕਾਤ ਦੌਰਾਨ ਵੀ ਪੰਜਾਬ ਦੇ ਹੱਥ ਨਿਰਾਸ਼ਾ ਹੀ ਲੱਗੀ ਕਿਉਂਕਿ ਕੇਂਦਰੀ ਮੰਤਰੀ ਵਲੋਂ ਮਨਪ੍ਰੀਤ ਬਾਦਲ ਨੂੰ ਸਿਰਫ਼ ਭਰੋਸਾ ਹੀ ਮਿਲਿਆ। ਰਾਜ ਦੇ ਵਿੱਤ ਮੰਤਰੀ ਚਾਹੁੰਦੇ ਸਨ ਕਿ ਤੁਰੰਤ ਹੀ ਕੋਈ ਰਾਹਤ ਮਿਲੇ ਤੇ ਜੀ. ਐੱਸ. ਟੀ. ਦੀ ਬਕਾਇਆ ਰਾਸ਼ੀ ਜਾਰੀ ਕਰ ਦਿੱਤੀ ਜਾਵੇ ਪਰ ਇਸ ਬਾਰੇ ਸੀਤਾਰਮਨ ਨੇ ਕੋਈ ਸਮਾਂ ਹੱਦ ਨਿਰਧਾਰਿਤ ਕਰਨ ਤੋਂ ਅਸਮਰੱਥਾ ਜਤਾਈ।
ਇਸ ਤਰ੍ਹਾਂ ਮਨਪ੍ਰੀਤ ਨੂੰ ਸਿਰਫ਼ ਭਰੋਸਾ ਲੈ ਕੇ ਖਾਲੀ ਹੱਥ ਵਾਪਸ ਪਰਤਣਾ ਪਿਆ ਹੈ। ਮਨਪ੍ਰੀਤ ਨੇ ਕੇਂਦਰੀ ਵਿੱਤ ਮੰਤਰੀ ਨੂੰ ਰਾਜ ਦੀ ਮੌਜੂਦਾ ਆਰਥਿਕ ਸਥਿਤੀ ਬਾਰੇ ਵਿਸਥਾਰ ‘ਚ ਜਾਣੂ ਕਰਵਾਉਂਦਿਆਂ ਦੱਸਿਆ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ‘ਚ ਵੀ ਮੁਸ਼ਕਿਲ ਆ ਰਹੀ ਹੈ ਤੇ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਨੂੰ ਮਿਲਣ ਤੋਂ ਬਾਅਦ ਵਿੱਤ ਮੰਤਰੀ ਬਾਅਦ ਦੁਪਹਿਰ ਪੰਜਾਬ ਮੰਤਰੀ ਮੰਡਲ ਦੀ ਹੋਈ ਬੈਠਕ ‘ਚ ਵੀ ਸ਼ਾਮਲ ਹੋਏ ਅਤੇ ਉਨ੍ਹਾਂ ਕੇਂਦਰੀ ਵਿੱਤ ਮੰਤਰੀ ਨਾਲ ਹੋਈ ਗੱਲਬਾਤ ਬਾਰੇ ਮੁੱਖ ਮੰਤਰੀ ਤੇ ਸਾਥੀ ਮੰਤਰੀਆਂ ਨੂੰ ਜਾਣੂ ਕਰਵਾਇਆ। ਪੰਜਾਬ ਸਰਕਾਰ ਕੇਂਦਰ ਦੇ ਰਵੱਈਏ ਤੋਂ ਨਾਖੁਸ਼ ਹੈ ਤੇ ਹੁਣ ਉਹ ਬਕਾਇਆ ਰਾਸ਼ੀ ਲੈਣ ਲਈ ਕੋਈ ਸਖ਼ਤ ਰਸਤਾ ਅਖਤਿਆਰ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਨੇ ਪਿਛਲੇ ਦਿਨੀਂ ਸਪੱਸ਼ਟ ਕਿਹਾ ਸੀ ਕਿ ਜੇਕਰ ਕੇਂਦਰ ਸਰਕਾਰ ਰਾਸ਼ੀ ਜਾਰੀ ਕਰਨ ‘ਚ ਦੇਰੀ ਕਰਦੀ ਹੈ ਤਾਂ ਕਾਨੂੰਨੀ ਰਸਤੇ ਵੀ ਖੁੱਲ੍ਹੇ ਹਨ ਤੇ ਹੋਰਨਾਂ ਰਾਜਾਂ ਨਾਲ ਮਿਲ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਜਾ ਸਕਦਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਅੱਗੇ ਧਰਨਾ ਦੇਣ ਦੀ ਸਲਾਹ ਵੀ ਦੇ ਚੁੱਕੇ ਹਨ। ਕੇਂਦਰੀ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਹੁਣ ਪੰਜਾਬ ਸਰਕਾਰ 1-2 ਦਿਨਾਂ ‘ਚ ਅਗਲੀ ਰਣਨੀਤੀ ਤੈਅ ਕਰੇਗੀ ਕਿਉਂਕਿ ਬਕਾਇਆ ਰਾਸ਼ੀ ਨਾ ਆਉਣ ਕਾਰਣ ਵਿੱਤੀ ਸੰਕਟ ਗੰਭੀਰ ਹੋ ਗਿਆ ਹੈ ਅਤੇ ਮੁਲਾਜ਼ਮਾਂ ਦੀ ਤਨਖਾਹ ਵੀ ਬੜੀ ਮੁਸ਼ਕਿਲ ਨਾਲ ਨਿਰਧਾਰਿਤ ਮਿਤੀ ਤੋਂ ਬਾਅਦ ਹੀ ਮਿਲ ਸਕੀ ਹੈ। ਇਸੇ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਕੇਂਦਰੀ ਮੰਤਰੀ ਵਲੋਂ ਦਿੱਤੇ ਭਰੋਸੇ ਮੁਤਾਬਿਕ ਛੇਤੀ ਬਕਾਇਆ ਰਾਸ਼ੀ ਜਾਰੀ ਕਰਨ ਦੀ ਉਮੀਦ ਜਤਾਈ