ਕੇਂਦਰ ਸਰਕਾਰ ਨੇ ਚੈਂਪੀਅਨ ਭਲਵਾਨ ਵਿਨੇਸ਼ ਫੋਗਾਟ ਨੂੰ ਉਨ੍ਹਾਂ ਦੇ ਨਿੱਜੀ ਕੋਚ ਵੋਲੇਰ ਏਕੋਸ, ਅਭਿਆਸ ਦੀ ਜੋੜੀਦਾਰ ਪਿ੍ਰਅੰਕਾ ਫੋਗਾਟ, ਫੀਜ਼ੀਓ ਰਮਨ ਐੱਨ ਦੇ ਨਾਲ ਹੰਗਰੀ ਵਿਚ 40 ਦਿਨ ਦੇ ਅਭਿਆਸ ਕੈਂਪ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਜਿਸ ਦੀ ਕੁੱਲ ਲਾਗਤ 15 ਲੱਖ 51 ਹਜ਼ਾਰ ਰੁਪਏ ਆਵੇਗੀ। ਕੈਂਪ ਨੂੰ ਟਾਰਗੈਟ ਓਲੰਪਿਕ ਪੋਡੀਅਮ ਸਕੀਮ (ਟਾਪਸ) ਦੇ ਤਹਿਤ ਮਨਜ਼ੂਰੀ ਮਿਲੀ ਹੈ।
ਕੈਂਪ 28 ਦਸੰਬਰ ਤੋਂ 24 ਜਨਵਰੀ ਤਕ ਬੁਡਾਪੇਸਟ ਦੇ ਵਾਸਾਸ ਸਪੋਰਟਸ ਕਲੱਬ ‘ਤੇ ਲੱਗੇਗਾ। ਇਸ ਤੋਂ ਬਾਅਦ 24 ਜਨਵਰੀ ਤੋਂ ਪੰਜ ਫਰਵਰੀ ਤਕ ਪੋਲੈਂਡ ਵਿਚ ਹੋਵੇਗਾ। ਕੁੱਲ ਲਾਗਤ ਵਿਚ ਹਵਾਈ ਕਿਰਾਇਆ, ਸਥਾਨਕ ਆਵਾਜਾਈ, ਰਹਿਣ ਤੇ ਖਾਣ ਦੇ ਖ਼ਰਚੇ ਸ਼ਾਮਲ ਹਨ।
ਟੋਕੀਓ ਓਲੰਪਿਕ ਵਿਚ ਭਾਰਤ ਦੀ ਮੈਡਲ ਦੀ ਉਮੀਦ ਵਿਨੇਸ਼ ਦੇ ਇਸ ਕੈਂਪ ਦੀ ਯੋਜਨਾ ਕੋਚ ਏਕੋਸ ਨੇ ਬਣਾਈ ਹੈ। ਇਸ ਰਾਹੀਂ ਉਹ ਆਪਣੇ ਭਾਰ ਵਰਗ ਵਿਚ ਯੂਰਪ ਦੇ ਭਲਵਾਨਾਂ ਨਾਲ ਅਭਿਆਸ ਕਰ ਸਕੇਗੀ। ਵਿਨੇਸ਼ ਨੇ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਦਿੱਲੀ ਵਿਚ ਏਸ਼ਿਆਈ ਸੀਨੀਅਰ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਸੀ ਜਿਸ ਵਿਚ ਉਨ੍ਹਾਂ ਨੇ ਕਾਂਸੇ ਦਾ ਮੈਡਲ ਜਿੱਤਿਆ ਸੀ।
ਮੈਨੂੰ ਆਪਣਾ ਪੱਧਰ ਪਤਾ ਹੋਣਾ ਚਾਹੀਦਾ ਹੈ। ਚੰਗੇ ਭਲਵਾਨਾਂ ਦੇ ਨਾਲ ਅਭਿਆਸ ਕਰ ਕੇ ਮੈਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਲੱਗ ਜਾਵੇਗਾ।