ਨਵੀਂ ਦਿੱਲੀ-‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਦੇ ਮੱਧ ਵਰਗ ਲਈ ਸੱਤ ਨੁਕਤਿਆਂ ਵਾਲਾ ‘ਮੈਨੀਫੈਸਟੋ’ ਜਾਰੀ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਮੱਧ ਵਰਗ ਨੂੰ ਨਜ਼ਰਅੰਦਾਜ਼ ਕੀਤਾ ਤੇ ਇਹ ਵਰਗ ‘ਟੈਕਸ ਅਤਿਵਾਦ’ ਦਾ ਸ਼ਿਕਾਰ ਹੈ।
ਕੇਜਰੀਵਾਲ ਨੇ ਇਕ ਵੀਡੀਓ ਸੁਨੇਹੇ ਵਿਚ ਕਿਹਾ ਕਿ ਮੱਧ ਵਰਗ ਭਾਰਤੀ ਅਰਥਚਾਰੇ ਦੀ ਅਸਲ ਸੁਪਰਪਾਵਰ ਹੈ, ਪਰ ਇਸ ਵਰਗ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤੇ ਮਹਿਜ਼ ਟੈਕਸਾਂ ਦੀ ਉਗਰਾਹੀ ਲਈ ਇਨ੍ਹਾਂ ਦਾ ਸ਼ੋਸ਼ਣ ਹੋਇਆ। ਕੇਜਰੀਵਾਲ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਸੱਤ ਨੁਕਤਿਆਂ ਵਾਲਾ ਇਹ ਚਾਰਟਰ ਮੱਧ ਵਰਗ ਦੇ ਫ਼ਿਕਰਾਂ ਨੂੰ ਮੁਖਾਤਿਬ ਹੈ। ਇਨ੍ਹਾਂ ਵਿਚ ਸਿੱਖਿਆ ਬਜਟ ਨੂੰ ਮੌਜੂਦਾ 2 ਫੀਸਦ ਤੋਂ ਵਧਾ ਕੇ 10 ਫੀਸਦ ਕਰਨ ਤੇ ਨਿੱਜੀ ਸਕੂਲਾਂ ਦੀ ਫੀਸ ਸੀਮਾ ਨਿਰਧਾਰਿਤ ਕਰਨ ਦੀਆਂ ਮੰਗਾਂ ਵੀ ਸ਼ਾਮਲ ਹਨ। ਉਨ੍ਹਾਂ ਉੱਚ ਸਿੱਖਿਆ ਲਈ ਸਬਸਿਡੀਆਂ ਤੇ ਵਜ਼ੀਫਿਆਂ ਦੀ ਤਜਵੀਜ਼ ਵੀ ਰੱਖੀ ਤਾਂ ਕਿ ਮਿਆਰੀ ਸਿੱਖਿਆ ਤੱਕ ਸਾਰਿਆਂ ਦੀ ਰਸਾਈ ਸੰਭਵ ਹੋ ਸਕੇ।
‘ਆਪ’ ਮੁਖੀ ਨੇ ਸਿਹਤ ਸੰਭਾਲ ਖਰਚੇ ਵਿਚ ਵਾਧੇ ਦੀ ਲੋੜ (ਜੀਡੀਪੀ ਦਾ 10 ਫੀਸਦ) ਦੇ ਨਾਲ ਸਿਹਤ ਬੀਮਾ ਪ੍ਰੀਮੀਅਮਾਂ ’ਤੇ ਟੈਕਸ ਹਟਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਕੇਜਰੀਵਾਲ ਨੇ ਮੱਧ ਵਰਗ ’ਤੇ ਭਾਰੀ ਵਿੱਤੀ ਬੋਝ ਦਾ ਹਵਾਲਾ ਦਿੰਦੇ ਹੋਏ ਆਮਦਨ ਕਰ ਛੋਟ ਦੀ ਹੱਦ 7 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰਨ ਦੀ ਮੰਗ ਵੀ ਕੀਤੀ। ਕੇਜਰੀਵਾਲ ਨੇ ਦੇਸ਼ ਅਜ਼ਾਦੀ ਮਗਰੋਂ ਮੱਧ ਵਰਗ ਨੂੰ ‘ਗੁਲਾਮ ਮਾਨਸਿਕਤਾ’ ਵਜੋਂ ਦਰਸਾਉਣ ਲਈ ਸਿਆਸੀ ਪਾਰਟੀਆਂ ਦੀ ਨੁਕਤਾਚੀਨੀ ਕੀਤੀ। ਉਨ੍ਹਾਂ ਵਾਅਦਾ ਕੀਤਾ ਕਿ ‘ਆਪ’ ਸੰਸਦ ਮੈਂਬਰ ਅਗਾਮੀ ਸੰਸਦੀ ਇਜਲਾਸਾਂ ਦੌਰਾਨ ਮੱਧ ਵਰਗ ਦੀ ਆਵਾਜ਼ ਬੁਲੰਦ ਕਰਨਗੇ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਸਿਆਸੀ ਭਾਸ਼ਣ ਦਾ ਹਿੱਸਾ ਬਣਾਉਣਗੇ।