ਨਵੀਂ ਦਿੱਲੀ: ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ । ਇਸੇ ਦੇ ਚਲਦਿਆਂ ਬੁੱਧਵਾਰ ਨੂੰ ਵੀ ਕੇਜਰੀਵਾਲ ਵੱਲੋਂ ਦਿੱਲੀ ਨਿਵਾਸੀਆਂ ਲਈ ਵੱਡਾ ਐਲਾਨ ਕੀਤਾ ਗਿਆ ਹੈ । ਜਿਸ ਵਿੱਚ ਕੇਜਰੀਵਾਲ ਨੇ ਦਿੱਲੀ ਵਿੱਚ ਫਰੀ WiFi ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ । ਪਹਿਲੇ ਗੇੜ ਵਿੱਚ ਦਿੱਲੀ ਦੇ ਸਾਰੇ ਬੱਸ ਅੱਡਿਆਂ ‘ਤੇ 3000 ਵਾਈਫਾਈ ਦੇ ਹਾਟਸਪਾਟ ਲਗਾਏ ਜਾਣਗੇ । ਪੂਰੀ ਦਿੱਲੀ ਵਿੱਚ ਕੁੱਲ 11,000 ਹਾਟਪਸਾਟ ਲਗਾਏ ਜਾਣਗੇ । ਹਰੇਕ ਯੂਜਰ ਨੂੰ ਪ੍ਰਤੀ ਮਹੀਨੇ 15 ਜੀਬੀ ਮੁਫਤ ਡਾਟਾ ਮਿਲੇਗਾ ਤੇ ਇਸ ਦੀ ਸ਼ੁਰੂਆਤ 16 ਦਸੰਬਰ ਤੋਂ ਹੋਵੇਗੀ । ਦਰਅਸਲ, ਬੁੱਧਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ਦਾ ਅੰਤਿਮ ਚੋਣ ਵਾਅਦਾ ਵੀ ਪੂਰਾ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਸਰਕਾਰ ਪਹਿਲੀ ਅਜਿਹੀ ਸਰਕਾਰ ਹੈ, ਜਿਸ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ । ਇਸ ਤੋਂ ਇਲਾਵਾ ਕੇਜਰੀਵਾਲ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ, ਹੈਲਥ ਸੈਕਟਰ ਦੇ ਲੋਕਾਂ ਨੂੰ ਕਾਫ਼ੀ ਫਾਇਦਾ ਹੋਵੇਗਾ । ਕੇਜਰੀਵਾਲ ਨੇ ਦੱਸਿਆ ਕਿ ਇੱਕ ਹਾਟਸਪਾਟ ‘ਤੇ 150 ਤੋਂ 200 ਲੋਕ ਜੁੜ ਸਕਦੇ ਹਨ ਅਤੇ 11 ਹਜ਼ਾਰ ਹਾਟਸਪਾਟ ‘ਤੇ 22 ਲੱਖ ਯੂਜਰ ਜੁੜ ਸਕਣਗੇ । ਜਿਸ ਸਬੰਧੀ ਇਕ ਐਪ ਬਣਾਇਆ ਗਿਆ ਹੈ ਅਤੇ ਇਹ ਐਪ ਵੀ ਸਰਕਾਰ ਵੱਲੋਂ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ । ਇਸ ਵਿੱਚ ਕੇਵਾਈਸੀ ਨੂੰ ਅਪਡੇਟ ਕਰਨਾ ਹੋਵੇਗਾ, ਜਿਸ ਤੋਂ ਬਾਅਦ ਇੱਕ ਓਟੀਪੀ ਆਵੇਗਾ, ਜਿਸ ਤੋਂ ਬਾਅਦ ਹੀ ਯੂਜਰ ਮੁਫਤ WiFi ਸੇਵਾ ਦੀ ਵਰਤੋਂ ਕਰ ਸਕੇਗਾ ।
previous post