Delhi government Big decision: ਨਵੀਂ ਦਿੱਲੀ: ਕੋਰੋਨਾ ਵਾਇਰਸ ਤੇ ਲਾਕ ਡਾਊਨ ਵਿਚਕਾਰ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਸਕੂਲੀ ਬੱਚਿਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ । ਦਿੱਲੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਕੋਈ ਵੀ ਪ੍ਰਾਈਵੇਟ ਸਕੂਲ ਬਿਨ੍ਹਾਂ ਸਰਕਾਰ ਤੋਂ ਪੁੱਛੇ ਫੀਸ ਵਿੱਚ ਵਾਧਾ ਨਹੀਂ ਕਰ ਸਕਦਾ । ਇਸ ਤੋਂ ਇਲਾਵਾ ਸਕੂਲ ਟ੍ਰਾਂਸਪੋਰਟੇਸ਼ਨ ਫੀਸ ਵੀ ਨਹੀਂ ਵਸੂਲ ਸਕਣਗੇ । ਉਨਾਂ ਨੇ ਕਿਹਾ ਕਿ ਕਈ ਜਗ੍ਹਾ ਸ਼ਿਕਾਇਤ ਮਿਲੀ ਹੈ ਕਿ ਕੁਝ ਸਕੂਲ ਵਧਾ ਚੜਾ ਕੇ ਫੀਸ ਚਾਰਜ ਕਰ ਰਹੇ ਹਨ । ਕੁਝ ਐਨੁਅਲ ਚਾਰਜ ਲੈ ਰਹੇ ਹਨ, ਟ੍ਰਾਂਸਪੋਰਟੇਸ਼ਨ ਫੀਸ ਲੈ ਰਹੇ ਹਨ । ਕੁਝ ਪੂਰੇ ਤਿਮਾਹੀ ਦੀ ਫੀਸ ਮੰਗ ਰਹੇ ਹਨ । ਕੁਝ ਬੱਚਿਆਂ ਨੇ ਫੀਸ ਨਹੀਂ ਦਿੱਤੀ ਹੈ ਤਾਂ ਆਨਲਾਈਨ ਕਲਾਸ ਬੰਦ ਕਰ ਦਿੱਤੀ ਹੈ । ਸਕੂਲਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ । ਜਿਸ ਕਾਰਨ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਕਿਸੇ ਵੀ ਪ੍ਰਾਈਵੇਟ ਸਕੂਲ ਨੂੰ ਫੀਸ ਵਧਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ।
ਇਸ ਤੋਂ ਅੱਗੇ ਸਿਸੋਦੀਆ ਨੇ ਕਿਹਾ ਕਿ ਸਾਰੇ ਪ੍ਰਾਈਵੇਟ ਸਕੂਲ ਆਪਣੇ ਸਟਾਫ ਨੂੰ ਸਮੇਂ ਸਿਰ ਤਨਖਾਹ ਦੇਣਗੇ । ਜੇ ਕੋਈ ਸਮੱਸਿਆ ਹੈ ਤਾਂ ਪੇਰੈਂਟ ਆਰਗੇਨਾਈਜ਼ੇਸ਼ਨ ਦੀ ਸਹਾਇਤਾ ਨਾਲ ਸਟਾਫ ਨੂੰ ਤਨਖਾਹ ਦੇਣੀ ਪਵੇਗੀ ।ਇਸ ਵਿੱਚ ਕੋਈ ਬਹਾਨਾ ਨਹੀਂ ਹੋਵੇਗਾ ।ਜਿਹੜੇ ਸਕੂਲ ਇਸ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ‘ਤੇ ਬਿਪਤਾ ਕਾਨੂੰਨ ਅਤੇ ਦਿੱਲੀ ਸਕੂਲ ਐਕਟ ਤਹਿਤ ਮੁਕੱਦਮਾ ਚਲਾਇਆ ਜਾਵੇਗਾ ।
ਦਿੱਲੀ ਦੇ ਡਿਪਟੀ ਸੀਐਮ ਨੇ ਕਿਹਾ ਕਿ ਕੋਈ ਵੀ ਸਕੂਲ ਤਿੰਨ ਮਹੀਨਿਆਂ ਦੀ ਫੀਸ ਨਹੀਂ ਲਵੇਗਾ, ਸਿਰਫ ਟਿਊਸ਼ਨ ਫੀਸਾਂ ਲਈਆਂ ਜਾਣਗੀਆਂ, ਉਹ ਵੀ ਹਰ ਮਹੀਨੇ ਦੇ ਹਿਸਾਬ ਨਾਲ ਲਈਆਂ ਜਾਣਗੀਆਂ । ਇਸ ਤੋਂ ਇਲਾਵਾ ਟ੍ਰਾਂਸਪੋਰਟੇਸ਼ਨ ਫੀਸਾਂ ‘ਤੇ ਪਾਬੰਦੀ ਹੋਵੇਗੀ । ਉਨ੍ਹਾਂ ਕਿਹਾ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਦੀ ਫੀਸ ਅਦਾ ਕਰਨ ਤੋਂ ਅਸਮਰੱਥ ਹਨ ਉਨ੍ਹਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ. ਉਨ੍ਹਾਂ ਦੇ ਬੱਚਿਆਂ ਦੇ ਨਾਮ ਆਨਲਾਈਨ ਕਲਾਸ ਵਿੱਚ ਨਹੀਂ ਕੱਟੇ ਜਾਣਗੇ ।
ਦੱਸ ਦੇਈਏ ਕਿ ਦਿੱਲੀ ਵਿੱਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲਿਆ ਹੈ, ਪਰ ਕੇਜਰੀਵਾਲ ਸਰਕਾਰ ਦੇ ਆਪਰੇਸ਼ਨ ਸ਼ੀਲਡ ਤੋਂ ਬਾਅਦ ਪਾਜ਼ੀਟਿਵ ਮਾਮਲਿਆਂ ਵਿੱਚ ਕਮੀ ਦਰਜ ਕੀਤੀ ਗਈ ਹੈ । ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਹੁਣ ਤੱਕ 1640 ਲੋਕ ਕੋਰੋਨਾ ਪਾਜ਼ੀਟਿਵ ਹਨ ਅਤੇ 38 ਲੋਕਾਂ ਦੀ ਮੌਤ ਹੋ ਚੁਕੀ ਹੈ ।