Kerala First coronavirus death: ਕੋਚੀ: ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਆਪਣੇ ਪੈਰ ਪਸਾਰ ਰਿਹਾ ਹੈ । ਉੱਥੇ ਹੀ ਭਾਰਤ ਵਿੱਚ ਇਸ ਵਾਇਰਸ ਨਾਲ ਪੀੜਤਾਂ ਦੀ ਗੁਣ ਵਿੱਚ ਵਾਧਾ ਹੁੰਦਾ ਹੈ । ਤਾਜ਼ਾ ਮਾਮਲਾ ਕੇਰਲ ਤੋਂ ਸਾਹਮਣੇ ਆਇਆ ਹੈ, ਜਿੱਥੇ ਕੋਰੋਨਾ ਵਾਇਰਸ ਨਾਲ ਪੀੜਤ 69 ਸਾਲਾਂ ਬਜ਼ੁਰਗ ਦੀ ਸ਼ਨੀਵਾਰ ਨੂੰ ਮੌਤ ਹੋ ਗਈ ਹੈ । ਸੂਬੇ ਵਿੱਚ ਕੋਰੋਨਾ ਵਾਇਰਸ ਨਾਲ ਮੌਤ ਦਾ ਇਹ ਪਹਿਲਾ ਮਾਮਲਾ ਹੈ । ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੀ ਪੁਸ਼ਟੀ ਤੋਂ ਬਾਅਦ ਬਜ਼ੁਰਗ ਨੂੰ ਕੋਚੀ ਦੇ ਕਲਮਸਸੇਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ, ਜਿੱਥੇ ਅੱਜ ਉਸ ਦੀ ਮੌਤ ਹੋ ਗਈ । ਉੱਥੇ ਹੀ ਦੂਜੇ ਪਾਸੇ ਇਸ ਵਿਅਕਤੀ ਦੀ ਪਤਨੀ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਹੈ ।
ਮਿਲੀ ਜਾਣਕਾਰੀ ਵਿੱਚ ਦੱਸ ਦੇਈਏ ਕਿ ਹੁਣ ਤੱਕ ਕੇਰਲ ਵਿੱਚ ਕੋਰੋਨਾ ਦੇ ਕੁੱਲ 165 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 8 ਵਿਦੇਸ਼ੀ ਵੀ ਸ਼ਾਮਿਲ ਹਨ । ਉੱਥੇ ਹੀ ਦੂਜੇ ਪਾਸੇ ਦੇਸ਼ ਭਰ ਵਿੱਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 900 ਤੋਂ ਪਾਰ ਪਹੁੰਚ ਗਈ ਹੈ ਅਤੇ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ।
ਪਤਾ ਲੱਗਿਆ ਹੈ ਕਿ ਬਜ਼ੁਰਗ ਦੀ ਕੁਝ ਸਮੇਂ ਪਹਿਲਾਂ ਹੀ ਬਾਈਪਾਸ ਸਰਜਰੀ ਹੋਈ ਸੀ ਅਤੇ ਉਹ ਹਾਈ ਬਲੱਡ ਪ੍ਰੈੱਸ਼ਰ ਤੋਂ ਵੀ ਪੀੜਤ ਸੀ । ਇਸ ਸਬੰਧੀ ਹਸਪਤਾਲ ਅਧਿਕਾਰੀਆਂ ਨੇ ਦੱਸਿਆ ਕਿ ਇਹ ਜੋੜਾ 16 ਮਾਰਚ ਨੂੰ ਦੁਬਈ ਤੋਂ ਪਰਤਿਆ ਸੀ ਅਤੇ ਜਿਸ ਫਲਾਈਟ ਤੋਂ ਦੋਵੇਂ ਆਏ ਸਨ, ਉਸ ਵਿੱਚ ਸਵਾਰ 40 ਲੋਕਾਂ ਨੂੰ ਵੀ ਨਿਗਰਾਨੀ ਵਿੱਚ ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਸਾਰਿਆਂ ਨੂੰ 22 ਮਾਰਚ ਨੂੰ ਹਸਪਤਾਲ ਵਿੱਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਹੈ ।