ਚੰਡੀਗੜ੍ਹ: ਕੈਂਸਰ ਅਜਿਹੀ ਬਿਮਾਰੀ ਹੈ ਜੋ ਬੰਦੇ ਨੂੰ ਜਿਊਂਦੇ ਜੀਅ ਮਰਿਆਂ ਵਰਗਾ ਕਰ ਦਿੰਦੀ ਹੈ। ਇਲਾਜ ਦੇ ਖ਼ਰਚ ਤੋਂ ਲੈ ਕੇ ਪ੍ਰਹੇਜ਼ ਤਕ ਮਰੀਜ਼ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਮਰੀਜ਼ਾਂ ਦੀ ਤਾਂ ਇਸ ਦੇ ਇਲਾਜ ਖੁਣੋਂ ਹੀ ਮੌਤ ਹੋ ਜਾਂਦੀ ਹੈ। ਹੁਣ ਮਰੀਜ਼ਾਂ ਨੂੰ ਘਬਰਾਉਣ ਦੀ ਲੋੜ ਨਹੀਂ। ਦਿੱਲੀ ਵਿੱਚ ਹੁਣ ਕੈਂਸਰ ਦਾ ਅੱਧੇ ਖ਼ਰਚੇ ‘ਤੇ ਇਲਾਜ ਕੀਤਾ ਜਾਏਗਾ।
ਜਾਣਕਾਰੀ ਮੁਤਾਬਕ ਦਿੱਲੀ ਦੇ ਗੁਰਦੁਆਰਾ ਬਾਲਾ ਸਾਹਿਬ ਹਸਪਤਾਲ ਵਿੱਚ ਕੈਂਸਰ ਦੇ ਇਲਾਜ ਲਈ ਹਾਈਟੈਕ ਮਸ਼ੀਨਾਂ ਲਾਈਆਂ ਗਈਆਂ ਹਨ। ਇੱਥੇ ਗ਼ਰੀਬਾਂ ਦਾ ਮੁਫਤ ਵਿੱਚ ਇਲਾਜ ਕੀਤਾ ਜਾਏਗਾ। ਇੱਥੋਂ ਤਕ ਕਿ ਲੋੜੀਂਦੀਆਂ ਦਵਾਈਆਂ ਦਾ ਖ਼ਰਚ ਵੀ ਹਸਪਤਾਲ ਵੱਲੋਂ ਹੀ ਕੀਤਾ ਜਾਏਗਾ।
ਇਸ ਹਸਪਤਾਲ ਵਿੱਚ ਕੋਈ ਵੀ ਆਮ ਆਦਮੀ ਕੈਂਸਰ ਦਾ ਇਲਾਜ ਕਰਵਾ ਸਕਦਾ ਹੈ। ਹਾਲਾਂਕਿ ਇਲਾਜ ਲਈ ਅੱਧਾ ਖ਼ਰਚਾ ਮਰੀਜ਼ ਨੂੰ ਦੇਣਾ ਪਏਗਾ। ਮੂੰਹ ਤੇ ਛਾਤੀ ਦੇ ਕੈਂਸਰ ਦਾ ਮਸ਼ੀਨਾਂ ਨਾਲ ਆਪਰੇਸ਼ਨ ਕਰਕੇ ਫੌਰੀ ਇਲਾਜ ਕੀਤਾ ਜਾਏਗਾ। ਦੱਸਿਆ ਜਾਂਦਾ ਹੈ ਕਿ ਇਹ ਮਸ਼ੀਨਾਂ ਬੇਹੱਦ ਘੱਟ ਹਸਪਤਾਲਾਂ ਵਿੱਚ ਮੌਜੂਦ ਹਨ।