ਕੈਨੇਡਾ ਵਿੱਚ ਪ੍ਰਮੁੱਖ ਮੰਦਰ ਦੀਆਂ ਕੰਧਾਂ ’ਤੇ ਖਾਲਿਸਤਾਨ ਪੱਖੀਆਂ ਨੇ ਭਾਰਤ ਖਿਲਾਫ ਨਾਅਰੇ ਲਿਖ ਦਿੱਤੇ। ਇਸ ਦੀ ਇੱਥੇ ਭਾਰਤੀ ਮਿਸ਼ਨ ਨੇ ਨਿੰਦਾ ਕੀਤੀ ਹੈ ਤੇ ਕੈਨੇਡੀਅਨ ਅਧਿਕਾਰੀਆਂ ਨੂੰ ਇਸ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਹ ਘਟਨਾ ਮਿਸੀਸਾਗਾ ਦੇ ਰਾਮ ਮੰਦਰ ਦੀ ਹੈ।
ਦੱਸ ਦਈਏ ਕਿ ਪਿਛਲੇ ਸਮੇਂ ਦੌਰਾਨ ਵਿਦੇਸ਼ਾਂ ਅੰਦਰ ਖਾਲਿਸਤਾਨ ਪੱਖੀ ਐਕਟਿਵ ਹੋਏ ਹਨ। ਇਸ ਦੌਰਾਨ ਭਾਰਤ ਪੱਖੀ ਤੇ ਖਾਲਿਸਤਾਨ ਪੱਖੀਆਂ ਵਿਚਾਲੇ ਟਕਰਾਅ ਦੀ ਸਥਿਤੀ ਵੀ ਬਣੀ ਹੈ। ਭਾਰਤ ਸਰਕਾਰ ਇਸ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ। ਭਾਰਤ ਵੱਲੋਂ ਕਈ ਵਾਰ ਇਤਰਾਜ਼ ਵੀ ਜਤਾਇਆ ਗਿਆ ਹੈ। ਭਾਰਤੀ ਖੁਫੀਆ ਏਜੰਸੀਆਂ ਇਸ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੀਆਂ ਹਨ। ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਅੰਦਰ ਵੀ ਅੱਤਵਾਦੀ ਕਾਰਵਾਈਆਂ ਦੀ ਕੋਸ਼ਿਸ਼ ਕੀਤੀ ਗਈ ਹੈ।
ਅਜੇ ਇੱਕ ਦਿਨ ਪਹਿਲਾਂ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ‘ਸਰਕਾਰ ਨੇ ਖਾਲਿਸਤਾਨ ਦੇ ਹਮਦਰਦਾਂ ਦੀਆਂ ਗਤੀਵਿਧੀਆਂ ‘ਤੇ ਨੇੜਿਓਂ ਨਜ਼ਰ ਰੱਖੀ ਹੋਈ ਹੈ। ਇਸ ਮੁੱਦੇ ‘ਤੇ ਪੰਜਾਬ ਸਰਕਾਰ ਨਾਲ ਵੀ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਏਜੰਸੀਆਂ ਵਿਚਕਾਰ ਚੰਗਾ ਤਾਲਮੇਲ ਹੈ। ਮੈਨੂੰ ਭਰੋਸਾ ਹੈ ਕਿ ਅਸੀਂ ਇਸ ਨੂੰ ਵਧਣ-ਫੁੱਲਣ ਨਹੀਂ ਦੇਵਾਂਗੇ।’ ਵਿਸ਼ੇਸ਼ ਇੰਟਰਵਿਊ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਤਵਾਦ ਬਾਰੇ ਖੁੱਲ੍ਹ ਕੇ ਗੱਲ ਕੀਤੀ।