ਵੈਨਕੂਵਰ: ਕੈਨੇਡਾ ਦੀ 338 ਮੈਂਬਰੀ ਸੰਸਦ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣਾਂ 21 ਅਕਤੂਬਰ ਨੂੰ ਹੋਣਗੀਆਂ ਤੇ ਨਤੀਜੇ ਵੀ ਉਸੇ ਦਿਨ ਐਲਾਨੇ ਜਾਣਗੇ। ਚੋਣਾਂ ਸਬੰਧੀ ਨੋਟੀਫਿਕੇਸ਼ਨ ਜਲਦੀ ਜਾਰੀ ਹੋ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਿਫ਼ਾਰਸ਼ ’ਤੇ ਗਵਰਨਰ ਜਨਰਲ ਵੱਲੋਂ ਚੋਣ ਪ੍ਰਕਿਰਿਆ ਨੂੰ ਹਰੀ ਝੰਡੀ ਦੇਣ ਵਾਲੇ ਪੱਤਰ ’ਤੇ ਦਸਤਖ਼ਤ ਕੀਤੇ ਜਾਣਗੇ।
ਰਸਮੀ ਪੱਤਰ ਜਾਰੀ ਹੋਣ ਦੇ ਨਾਲ ਪਾਰਟੀਆਂ ਵੱਲੋਂ ਚੋਣ ਮੁਹਿੰਮ ਸ਼ੁਰੂ ਹੋ ਜਾਵੇਗੀ। ਨੋਟੀਫਿਕੇਸ਼ਨ ਤੋਂ ਬਾਅਦ ਸਰਕਾਰ ਕੋਲ ਨੀਤੀਗਤ ਫ਼ੈਸਲੇ ਲੈਣ ਦਾ ਅਧਿਕਾਰ ਨਹੀਂ ਰਹੇਗਾ। ਕੈਨੇਡੀਅਨ ਸੰਸਦ ਦੇ 338 ਮੈਂਬਰੀ ਹਾਊਸ ’ਚ ਇਸ ਵੇਲੇ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸੱਤਾਧਾਰੀ ਲਿਬਰਲ ਪਾਰਟੀ ਦੇ 184 ਮੈਂਬਰ ਹਨ। ਮੁੱਖ ਵਿਰੋਧੀ ਪਾਰਟੀ ਤੇ 2015 ਤੱਕ ਕਈ ਸਾਲ ਸੱਤਾ ’ਚ ਰਹੀ ਕੰਜ਼ਰਵੇਟਿਵ (ਟੋਰੀ) ਪਾਰਟੀ ਦੇ 99, ਜਗਮੀਤ ਸਿੰਘ ਦੀ ਅਗਵਾਈ ਵਾਲੀ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਦੇ 39, ਬਲਾਕ ਕਿਊਬਕਵਾ ਦੇ 10 ਤੇ ਗਰੀਨ ਪਾਰਟੀ ਦੇ 2 ਮੈਂਬਰ ਹਨ। ਟੋਰੀ ਪਾਰਟੀ ਤੋਂ ਵੱਖ ਹੋਏ ਮੈਕਸਿਮ ਬਰਨੀ ਵੱਲੋਂ ਪੀਪਲ ਪਾਰਟੀ ਆਫ ਕੈਨੇਡਾ ਬਣਾ ਕੇ ਪਹਿਲੀ ਵਾਰ ਕਿਸਮਤ ਅਜ਼ਮਾਈ ਜਾ ਰਹੀ ਹੈ।
ਤਾਜ਼ਾ ਚੋਣ ਸਰਵੇਖਣਾਂ ਮੁਤਾਬਕ ਸੱਤਾਧਾਰੀ ਲਿਬਰਲ ਨੂੰ 39 ਫ਼ੀਸਦੀ ਲੋਕਾਂ ਦੇ ਸਮਰਥਨ ਨਾਲ ਸਭ ਤੋਂ ਅੱਗੇ ਦਿਖਾਇਆ ਗਿਆ ਹੈ ਜਦੋਂਕਿ ਇਮੀਗ੍ਰੇਸ਼ਨ ਦੀਆਂ ਖੁੱਲ੍ਹਾਂ ’ਤੇ ਰੋਕ ਲਾਉਣ ਦੇ ਵਾਅਦੇ ਵਾਲੀ ਟੋਰੀ ਪਾਰਟੀ ਨੂੰ 32 ਫ਼ੀਸਦੀ, ਐਨਡੀਪੀ ਤੇ ਗਰੀਨ ਪਾਰਟੀ ਨੂੰ 10-10 ਫ਼ੀਸਦੀ ਦਾ ਸਮਰਥਨ ਦਿੱਤਾ ਗਿਆ ਹੈ। ਪਰ ਵੋਟਰ ਇਨ੍ਹਾਂ ਸਰਵੇਖਣਾਂ ’ਤੇ ਇਤਬਾਰ ਨਹੀਂ, ਕਿਉਂਕਿ 2015 ਵਾਲੀ ਚੋਣ ’ਚ ਲਿਬਰਲ ਪਾਰਟੀ ਨੂੰ ਤੀਜੇ ਨੰਬਰ ਉੱਤੇ ਦਿਖਾਇਆ ਗਿਆ ਸੀ, ਪਰ ਚੋਣਾਂ ’ਚ ਉਹ ਬਹੁਮਤ ਲੈ ਗਈ ਸੀ।