ਓਟਾਵਾ: ਕੈਨੇਡਾ ਦੇ ਸ਼ਹਿਰ ਵੈਨਕੂਵਰ ਤੋਂ ਆਸਟ੍ਰੇਲੀਆ ਦੇ ਮਹਾਂਨਗਰ ਸਿਡਨੀ ਲਈ ਉੱਡਿਆ ਏਅਰ ਕੈਨੇਡਾ ਦਾ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਗਿਆ। ਵੀਰਵਾਰ ਨੂੰ ਬੋਇੰਗ 777-200 ਹਵਾਈ ਜਹਾਜ਼ ਉੱਡਣ ਤੋਂ ਦੋ ਘੰਟੇ ਬਾਅਦ ਹੀ ਖ਼ਤਰਨਾਕ ਤੇਜ਼ ਹਵਾਵਾਂ ਵਿੱਚ ਫਸ ਗਿਆ। ਇਸ ਨਾਲ ਮੁਸਾਫਰਾਂ ਨੂੰ ਤੇਜ਼ ਝਟਕੇ ਲੱਗੇ ਤੇ 35 ਤੋਂ ਵੱਧ ਵਿਅਕਤੀ ਫੱਟੜ ਹੋ ਗਏ।
ਘਟਨਾ ਅਮਰੀਕਾ ਦੇ ਟਾਪੂ ਹਵਾਈ ਦੇ ਉੱਪਰ 36,000 ਫੁੱਟ ਦੀ ਉਚਾਈ ‘ਤੇ ਵਾਪਰੀ। ਉਸ ਸਮੇਂ ਜਹਾਜ਼ ਵਿੱਚ 269 ਮੁਸਾਫਰ ਤੇ 15 ਤੋਂ ਵੱਧ ਚਾਲਕ ਦਲ ਦੇ ਮੈਂਬਰ ਤੇ ਅਮਲਾ ਸਵਾਰ ਸੀ। ਇਸ ਟਰਬਿਊਲੈਂਸ ਕਾਰਨ ਜਹਾਜ਼ ਵਿੱਚ ਸਵਾਰ ਸਾਰੇ ਵਿਅਕਤੀ ਬੇਹੱਦ ਡਰ ਗਏ। ਤੇਜ਼ ਝਟਕਿਆਂ ਕਾਰਨ ਕਈ ਵਿਅਕਤੀਆਂ ਦੇ ਸਿਰ ਤੇ ਗਰਦਨ ‘ਤੇ ਸੱਟ ਲੱਗੀ ਹੈ। ਕਈ ਮੁਸਾਫਰ ਜਹਾਜ਼ ਦੀ ਛੱਤ ਨਾਲ ਵੀ ਜਾ ਟਕਰਾਏ।
ਉਡਾਣ ਕੰਪਨੀ ਨੇ ਬਿਆਨ ਵਿੱਚ ਕਿਹਾ ਕਿ ਮੁਸਾਫਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜਹਾਜ਼ ਨੂੰ ਕਾਬੂ ਵਿੱਚ ਕਰ ਪਾਇਲਟ ਨੇ ਤੁਰੰਤ ਇਸ ਨੂੰ ਹੋਨੋਲੁਲੂ ਹਵਾਈ ਅੱਡੇ ‘ਤੇ ਇਸ ਨੂੰ ਹੰਗਾਮੀ ਹਾਲਤ ਵਿੱਚ ਉਤਾਰ ਲਿਆ। ਹਵਾਈ ਅੱਡੇ ‘ਤੇ ਪਹਿਲਾਂ ਤੋਂ ਹੀ ਐਂਬੂਲੈਂਸ ਤੇ ਹੋਰ ਸਿਹਤ ਸੁਵਿਧਾਵਾਂ ਤਿਆਰ ਸਨ। ਨੌਂ ਮੁਸਾਫਰਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਜਦਕਿ ਬਾਕੀਆਂ ਨੂੰ ਮੁੱਢਲੀ ਸਹਾਇਤਾ ਮੁਹੱਈਆ ਕਰਵਾਈ ਗਈ।