ਕੈਨੇਡਾ ਦੀਆਂ ਫੈਡਰਲ ਚੋਣਾਂ ਦੇ ਦੇਰ ਰਾਤ ਆਏ ਨਤੀਜਿਆਂ ਮੁਤਾਬਿਕ ਭਾਵੇਂ ਕਿ ਲਿਬਰਲ ਆਗੂ ਜਸਟਿਨ ਟਰੂਡੋ ਮੁੜ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਪਰ ਪਿਛਲੀਆਂ ਚੋਣਾਂ ਵਾਂਗ ਇਸ ਵਾਰ ਵੀ ਉਹ ਘੱਟ ਗਿਣਤੀ ਸਰਕਾਰ ਦੀ ਹੀ ਅਗਵਾਈ ਕਰਨਗੇ। ਜਿਸ ਮਕਸਦ ਨੁੂੰ ਲੈ ਕੇ ਉਨ੍ਹਾਂ ਨੇ ਸਮੇਂ ਤੋ ਪਹਿਲਾਂ ਚੋਣਾਂ ਕਰਵਾਈਆਂ, ਉਨ੍ਹਾਂ ਦਾ ਉਹ ਮਕਸਦ ਪੂਰਾ ਨਹੀ ਹੋਇਆ। ਲਿਬਰਲ ਪਾਰਟੀ ਬਹੁਮਤ ਲਈ ਲੋੜੀਦੀਆਂ 170 ਸੀਟਾਂ ਜਿੱਤਣ ’ਚ ਸਫਲ ਨਹੀ ਹੋਈ ਬਲਕਿ ਪਿਛਲੀ ਵਾਰ ਨਾਲੋਂ ਕੇਵਲ ਇਕ ਸੀਟ ਵਧਾ ਕੇ 158 ਸੀਟਾਂ ਹੀ ਲਿਜਾਣ ਵਿਚ ਸਫਲ ਰਹੀ। ਕੰਜ਼ਰਵੇਟਿਵ ਪਾਰਟੀ ਨੂੰ 119 ਸੀਟਾਂ ਮਿਲੀਆਂ। ਪਿਛਲੀ ਵਾਰ ਉਸ ਦੀਆਂ 121 ਸੀਟਾਂ ਸਨ। ਬਲਾਕ ਕਿਊਬੈਕਾਂ 2 ਸੀਟਾਂ ਵਧਾਉਣ ’ਚ ਕਾਮਯਾਬ ਰਹੀ। ਉਸ ਨੂੰ ਇਸ ਵਾਰ 34 ਸੀਟਾਂ ਮਿਲੀਆਂ ਜਦੋਂਕਿ ਐੱਨਡੀਪੀ ਨੂੰ 25 ਸੀਟਾਂ ਮਿਲੀਆਂ। ਪਿਛਲੀ ਵਾਰ ਉਸ ਦੀਆਂ 24 ਸੀਟਾਂ ਸਨ। ਗਰੀਨ ਪਾਰਟੀ ਨੂੰ 2 ਸੀਟਾਂ ਮਿਲੀਆਂ ਜਦੋਂ ਕਿ ਉਸ ਦੀ ਪਾਰਟੀ ਆਗੂ ਅਨੈਮੀ ਪਾਲ ਆਪਣੀ ਸੀਟ ਹਾਰ ਗਈ। ਪੀਪਲਜ਼ ਪਾਰਟੀ ਆਫ ਕੈਨੇਡਾ ਨੂੰ ਕੋਈ ਸੀਟ ਨਹੀ ਮਿਲੀ ਤੇ ਉਸ ਦੇ ਆਗੂ ਮੈਕਸਿਮ ਬਰਨੀਅਰ ਵੀ ਚੋਣ ਹਾਰ ਗਏ।