-ਲੜਕੀ ਨੇ ਪਰਿਵਾਰ ਨਾਲ ਮਿਲ ਕੇ ਵਿਦੇਸ਼ ਲਿਜਾਣ ਦੇ ਨਾਮ ’ਤੇ ਮਾਰੀ 26 ਲੱਖ ਰੁਪਏ ਦੀ ਠੱਗੀ
-ਦੋਸ਼ ਸਾਬਤ ਹੋਣ ‘ਤੇ ਧੋਖਾਧੜੀ ਅਤੇ ਜਾਅਲਸਾਜੀ ਦਾ ਮੁਕੱਦਮਾ ਹੋਇਆ ਦਰਜ
ਵੈਨਕੂਵਰ :- (ਬਰਾੜ-ਭਗਤਾ ਭਾਈ ਕਾ) : ਜਦੋਂ ਤੋਂ ਆਈਲੈਟਸ ਕਰਕੇ ਵਿਦਿਆਰਥੀ ਕੈਨੇਡਾ ਪੜ੍ਹਣ ਲਈ ਆ ਰਹੇ ਹਨ ਤਾਂ ਉਦੋਂ ਤੋਂ ਹੀ ਖਾਸ ਕਰਕੇ ਵੱਡੀ ਗਿਣਤੀ ‘ਚ ਵਿਦਿਆਰਥਣ ਕੁੜੀਆਂ ਆਪਣੇ ਮਾਪਿਆਂ ਦੇ ਨਾਲ ਮਿਲ ਕੇ ਠੱਗੀ ਦੀ ਸਾਜ਼ਿਸ਼ ਘੜ ਕੇ ਲੜਕੇ ਵਾਲਿਆਂ ਤੋਂ ਵਿਆਹ ‘ਤੇ ਅਤੇ ਕੈਨੇਡਾ ਪਹੁੰਚਣ ਤੱਕ ਦੇ ਸਾਰੇ ਖਰਚ ਤੋਂ ਇਲਾਵਾ ਕਾਲਜ ਫ਼ੀਸਾਂ ਭਰਵਾਉਣ ਪਿੱਛੋਂ ਪਤੀ ਨੂੰ ਕੈਨੇਡਾ ਬੁਲਾਉਣ ਤੋਂ ਇਨਕਾਰੀ ਹੋ ਜਾਂਦੀਆਂ ਹਨ।
ਇਸੇ ਤਰਾਂ ਹੀ ਅਜਿਹੀ ਇੱਕ ਹੋਰ ਠੱਗੀ ਦੀ ਘਟਨਾ ਮੋਗਾ ਜ਼ਿਲ੍ਹਾ ਦੇ ਥਾਣਾ ਅਜੀਤਵਾਲ ਅਧੀਨ ਪੈਂਦੇ ਪਿੰਡ ਮੱਧੋਕੇ ਤੋਂ ਸਾਹਮਣੇ ਆਈ ਹੈ। ਇਥੋਂ ਦੇ ਵਸਨੀਕ ਧਰਮਿੰਦਰ ਸਿੰਘ ਪੁੱਤਰ ਗੁਰਨੇਕ ਸਿੰਘ ਨਾਲ ਥਾਣਾ ਬਾਘਾ ਪੁਰਾਣਾ ਦੇ ਪਿੰਡ ਰੋਡੇ ਦੀ ਲੜਕੀ ਸੁਖਵੀਰ ਕੌਰ, ਜੋ ਕਿ ਕੈਨੇਡਾ ਰਹਿੰਦੀ ਹੈ, ਨੇ ਆਪਣੇ ਪਰਿਵਾਰ ਨਾਲ ਮਿਲ ਕੇ ਕਥਿਤ ਤੌਰ ’ਤੇ ਧਰਮਿੰਦਰ ਸਿੰਘ ਨਾਲ ਵਿਆਹ ਕਰਵਾ ਕੇ ਉਸ ਨੂੰ ਕੈਨੇਡਾ ਲਿਜਾਣ ਦੀ ਆੜ ‘ਚ 26 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਧਰਮਿੰਦਰ ਸਿੰਘ ਨੇ ਥਾਣਾ ਅਜੀਤ ਵਾਲ ‘ਚ ਆਪਣੇ ਨਾਲ ਹੋਈ ਠੱਗੀ ਦਾ ਦੋਸ਼ ਲਗਾਇਆ ਹੈ ਕਿ ਉਸਦਾ ਵਿਆਹ ਰੋਡੇ ਪਿੰਡ ਦੀ ਸੁਖਵੀਰ ਕੌਰ ਪੁੱਤਰੀ ਬਲਵਿੰਦਰ ਸਿੰਘ (ਮਤਰੇਆ ਪਿਤਾ), ਮਾਤਾ ਦਾ ਨਾਂ ਬਲਜੀਤ ਕੌਰ, ਨਾਲ ਮਿਤੀ 22.1.2018 ਨੂੰ ਸਿੱਖ ਰੀਤੀ ਰਿਵਾਜਾਂ ਨਾਲ ਨਾਲ ਹੋਇਆ ਸੀ। ਧਰਮਿੰਦਰ ਸਿੰਘ ਵੱਲੋਂ ਦੋਸ਼ ਹੈ ਕਿ ਸੁਖਵੀਰ ਕੌਰ ਦੇ ਪਿਤਾ ਬਲਵਿੰਦਰ ਸਿੰਘ ਅਤੇ ਮਾਤਾ ਬਲਜੀਤ ਕੌਰ ਨੇ ਉਸ ਨੂੰ ਵਿਆਹ ਦੀ ਗੱਲਬਾਤ ਚੱਲਣ ਦੌਰਾਨ ਵਿਸ਼ਵਾਸ ਦੁਆਇਆ ਕਿ ਉਹ ਆਪਣੀ ਧੀ ਸੁਖਵੀਰ ਕੌਰ ਨਾਲ ਉਸ ਦਾ ਵਿਆਹ ਕਰਕੇ ਉਸ ਨੂੰ ਕੈਨੇਡਾ ਭੇਜ ਦੇਣਗੇ। ਵਿਆਹ ਦੀ ਸਾਰੀ ਗੱਲ ਤਹਿ ਹੋ ਗਈ ਅਤੇ ਮਿਥੀ ਤਾਰੀਖ ਅਨੁਸਾਰ ਧਰਮਿੰਦਰ ਸਿੰਘ ਅਤੇ ਸੁਖਵੀਰ ਕੌਰ ਦਾ ਵਿਆਹ ਹੋ ਗਿਆ। ਲੜਕੇ ਵਾਲਿਆਂ ਵੱਲੋਂ 12.00.000/-ਰੁਪਏ ਵਿਆਹ ‘ਤੇ ਖਰਚ ਕੀਤੇ ਗਏ ਜਿਸ ਵਿੱਚ ਰਿੰਗ ਸੈਰੇਮਨੀ, ਮੰਗਣੀ ਪ੍ਰੋਗਰਾਮ ਦਾ ਖ਼ਰਚਾ ਅਤੇ ਅਨੰਦ ਕਾਰਜ ਵਾਲੇ ਦਿਨ ਦਾ ਖ਼ਰਚਾ ਸ਼ਾਮਲ ਹਨ। ਇਸ ਤੋਂ ਇਲਾਵਾ 15 ਤੋਲੇ ਸੋਨੇ ਦੇ ਗਹਿਣੇ ਸੁਖਵੀਰ ਕੌਰ ਨੂੰ ਪਾਏ ਗਏ ਜੋ ਅੱਜ ਵੀ ਸੁਖਵੀਰ ਕੌਰ ਕੋਲ ਹਨ। ਵਿਆਹ ਤੋਂ 10 ਦਿਨ ਬਾਅਦ ਸੁਖਵੀਰ ਕੌਰ ਕੈਨੇਡਾ ਪਹੁੰਚ ਗਈ ਤੇ ਉਸ ਨੂੰ ਸਹੁਰਾ ਪਰਿਵਾਰ ਵੱਲੋਂ ਜਾਣ ਸਮੇਂ 3,00,000/- ਰੁਪਏ ਨਗਦ ਅਤੇ 50,000/- ਰੁਪਏ ਦਾ ਸਮਾਨ ਲੈ ਕੇ ਦਿੱਤਾ। ਸੁਖਵੀਰ ਕੌਰ ਦੇ ਕੈਨੇਡਾ ਪਹੁੰਚਣ ਪਿੱਛੋਂ ਧਰਮਿੰਦਰ ਦੇ ਤਾਏ ਦੇ ਲੜਕੇ ਸਤਵਿੰਦਰ ਸਿੰਘ ਜੋ ਕੈਨੇਡਾ ‘ਚ ਰਹਿੰਦਾ ਹੈ ਨੇ ਸੁਖਵੀਰ ਕੌਰ ਦੀ ਮੰਗ ‘ਤੇ ਕੈਨੇਡਾ ਬੈਂਕ ਦੇ ਖਾਤੇ ‘ਚ 5,000/- ਡਾਲਰ 23.2.2018 ਨੂੰ ਟਰਾਂਸਫ਼ਰ ਕੀਤੇ ਜਿਸ ਦੀ ਕੀਮਤ 3 ਲੱਖ ਦੇ ਕਰੀਬ ਬਣਦੀ ਹੈ। ਇਸ ਤੋਂ ਬਿਨਾਂ ਧਰਮਿੰਦਰ ਦੇ ਤਾਈ ਦੀ ਲੜਕੀ ਰਾਜਵਿੰਦਰ ਕੌਰ (ਕੈਨੇਡਾ) ਨੇ ਸੁਖਵੀਰ ਕੌਰ ਦੇ ਖਾਤੇ ‘ਚ ਮੰਗ ਕਰਨ ‘ਤੇ 1017 ਡਾਲਰ 3.5.2018 ਨੂੰ ਜਮ੍ਹਾਂ ਕਰਵਾਏ ਜਿਸ ਦੀ ਕੀਮਤ 60 ਹਜ਼ਾਰ ਰੁਪਏ ਬਣਦੀ।
ਇਸ ਤੋਂ ਇਲਾਵਾ ਹੋਰ ਰਕਮ ਠੱਗਣ ਅਤੇ ਠੱਗੀ ਗਈ ਰਕਮ ਬਾਰੇ ਗੱਲਬਾਤ ਠੱਪ ਕਰਨ ਲਈ ਸੁਖਵੀਰ ਕੌਰ ਨੇ ਨਵੀਂ ਚਾਲ ਚਲਦਿਆਂ ਆਪਣੇ ਪਤੀ ਧਰਮਿੰਦਰ ਸਿੰਘ ਨੂੰ ਕੈਨੇਡਾ ਬੁਲਾਉਣ ਲਈ ਭਰੇ ਗਏ ਕਾਗਜ਼ਾਂ ‘ਚ ਜਾਣਬੁੱਝ ਕੇ ਤਰੁੱਟੀਆਂ ਛੱਡ ਦਿੱਤੀਆਂ ਅਤੇ ਕੁਝ ਅੰਕੜੇ ਗਲਤ ਭਰ ਦਿੱਤੇ ਤਾਂ ਕਿ ਉਸ ਦਾ ਕੇਸ ਰੱਦ ਹੋ ਜਾਵੇ। ਕੈਨੇਡਾ ਅੰਬੈਸੀ ਨੇ ਗਲਤ ਜਾਣਕਾਰੀ ਦੇਣ ਬਦਲੇ ਕੇਸ ਰੱਦ ਕਰ ਦਿੱਤਾ। ਇਸ ਪਿੱਛੋਂ ਜਦ ਕੇਸ ਬਾਰੇ ਗੱਲ ਕੀਤੀ ਤਾਂ ਸੁਖਵੀਰ ਕੌਰ ਤੇ ਉਸ ਦੇ ਮਾਤਾ ਪਿਤਾ ਕਹਿਣ ਲੱਗੇ ਕਿ ਜੇ ਕੇਸ ਦੋਬਾਰਾ ਲਾਉਣਾ ਹੈ ਤਾਂ 15 ਲੱਖ ਹੋਰ ਦਿਓ। ਇਨ੍ਹਾਂ ਗੱਲਾਂ ਤੋਂ ਇਹ ਗੱਲ ਸਪੱਸ਼ਟ ਹੀ ਹੋ ਗਈ ਸੀ ਕਿ ਸੁਖਵੀਰ ਕੌਰ ਅਤੇ ਉਸ ਦੇ ਮਾਤਾ ਪਿਤਾ ਨੇ ਠੱਗੀ ਮਾਰਨ ਦੀ ਆੜ ਵਿੱਚ ਹੀ ਇਹ ਵਿਆਹ ਕੀਤਾ ਸੀ। ਇਸ ਪਿੱਛੋਂ ਕਈ ਵਾਰ ਪੰਚਾਇਤ ਰੂਪੀ ‘ਚ ਗੱਲਬਾਤ ਨਿਬੇੜਣ ਲਈ ਦੋਵੇਂ ਪਰਿਵਾਰਾਂ ਵੱਲੋਂ ਇਕੱਠ ਵੀ ਹੋਏ ਪਰ ਲੜਕੀ ਵਾਲੇ ਪਰਿਵਾਰ ਨੇ ਕੋਈ ਤਸੱਲੀ ਬਖਸ਼ ਜਵਾਬ ਨਾ ਦਿੱਤਾ ਤੇ ਕਹਿਣ ਲੱਗੇ ਕਿ ਜੋ ਕੁਝ ਕਰਨਾ ਕਰ ਲਵੋ ਅਤੇ ਸੁਖਵੀਰ ਕੌਰ ਨੇ ਆਪਣੇ ਪਤੀ ਧਰਮਿੰਦਰ ਅਤੇ ਸਹੁਰਾ ਪਰਿਵਾਰ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਇਸ ਉਪਰੰਤ ਧਰਮਿੰਦਰ ਨੇ ਮੋਗਾ ਦੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਸ ਸੰਬੰਧੀ ਇਨਸਾਫ਼ ਲਈ ਦਰਖਾਸਤ ਦਿੱਤੀ ਤੇ ਪੁਲਿਸ ਮੁਖੀ ਨੇ ਇਸ ਕੇਸ ਦੀ ਪੜਤਾਲ ਕਰਨ ਦੇ ਹੁਕਮ ਕ੍ਰਿਮੀਨਲ ਇੰਟੈਲੀਜੈਂਸੀ ਦੀ ਸਪੈਸ਼ਲ ਕਰਾਈਮ ਬ੍ਰਾਂਚ ਦੇ ਡੀ ਐਸ ਪੀ ਨੂੰ ਦੇ ਦਿੱਤੇ ਜਿਸ ਨੇ ਪੜਤਾਲ ਕਰਕੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸੁਖਵੀਰ ਕੌਰ ਦੇ ਖ਼ਿਲਾਫ਼ ਸਹੀ ਰਿਪੋਰਟ ਕਰ ਦਿੱਤੀ ਜਿਸ ਦੇ ਅਧਾਰਤ ਪੁਲਿਸ ਨੇ ਸੁਖਵੀਰ ਕੌਰ ਪਤਨੀ ਧਰਮਿੰਦਰ ਸਿੰਘ, ਬਲਵਿੰਦਰ ਸਿੰਘ (ਲੜਕੀ ਦਾ ਪਿਤਾ) ਉਰਫ ਬੂਟਾ ਸਿੰਘ ਪੁੱਤਰ ਗਿੰਦਰ ਸਿੰਘ, ਬਲਜੀਤ ਕੌਰ (ਲੜਕੀ ਦੀ ਮਾਤਾ) ਪਤਨੀ ਬਲਵਿੰਦਰ ਸਿੰਘ ਨੂੰ ਦੋਸ਼ੀ ਨਾਮਜ਼ਦ ਕਰਕੇ ਉਨ੍ਹਾਂ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 420 ਅਤੇ 120-ਬੀ ਦੇ ਤਹਿਤ ਜਾਅਲਸਾਜ਼ੀ ਅਤੇ ਅਪਰਾਧਕ ਧੋਖਾਧੜੀ ਦਾ 39 ਨੰਬਰ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਨੂੰ ਫੜ੍ਹਣ ਲਈ ਛਾਪੇਮਾਰੀ ਕੀਤੀ ਗਈ।