ਵਿਕਟੋਰੀਆ , ਬੀਤੇ ਦਿਨੀਂ ਕੈਨੇਡਾ ਵਿਖੇ ਹੋਈ ਦੋ ਟਰੱਕਾਂ ਵਿਚਕਾਰ ਭਿਆਨਕ ਟੱਕਰ ਵਿਚ ਇਕ ਟਰੱਕ ਡਰਾਈਵਰ ਦੀ ਮੌਤ ਹੋ ਗਈ ਸੀ, ਜਦੋਂ ਕਿ ਦੂਜੇ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਨੂੰ ਅੱਗ ਲੱਗ ਗਈ। ਪੁਲਸ ਵਲੋਂ ਹਾਦਸੇ ਤੋਂ ਬਾਅਦ ਹਾਈਵੇ ਨੂੰ ਕੁਝ ਘੰਟਿਆਂ ਲਈ ਬੰਦ ਕਰ ਦਿੱਤਾ। ਇਹ ਹਾਦਸਾ ਸਵੇਰੇ 9:45 ਵਜੇ ਹੋਇਆ ਦੱਸਿਆ ਜਾ ਰਿਹਾ ਹੈ। ਇਹ ਹਾਦਸਾ ਡੈਲਟਾ ਪੋਰਟ ਲਾਗੇ ਦੋ ਟਰੱਕਾਂ ਵਿਚਕਾਰ ਹੋਇਆ, ਟਰੱਕ ਡਰਾਈਵਰ ਦੀ ਪਛਾਣ ਰਾਜਵਿੰਦਰ ਸਿੱਧੂ ਵਜੋਂ ਹੋਈ ਹੈ। ਰਾਜਵਿੰਦਰ ਆਪਣੇ ਪਿੱਛੇ 6 ਸਾਲ ਦੇ ਬੇਟੀ ਤੇ 3 ਸਾਲ ਦਾ ਬੇਟਾ ਅਤੇ ਆਪਣੀ ਪਤਨੀ ਨੂੰ ਛੱਡ ਗਿਆ ਹੈ। ਸਿੱਧੂ ਓਲੰਪੀਆ ਟਰਾਂਸਪੋਟੇਸ਼ਨ ਵਿਚ ਕੰਮ ਕਰਦਾ ਸੀ। ਯੂਨਾਈਟਿਡ ਟਰੱਕਰਜ਼ ਐਸੋਸੀਏਸ਼ਨ ਵਲੋਂ ਗਗਨ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਸਾਡੇ ਭਾਈਚਾਰੇ ਨੂੰ ਡੂੰਘਾ ਧੱਕਾ ਵੱਜਾ ਹੈ ਕਿਉਂਕਿ ਸਾਡਾ ਇਕ ਪੰਜਾਬੀ ਵੀਰ ਜੋ ਰੋਜ਼ੀ ਰੋਟੀ ਲਈ ਕੰਮ ‘ਤੇ ਨਿਕਲਿਆ ਸੀ ਤੇ ਇਸ ਹਾਦਸੇ ਵਿਚ ਉਸ ਦੀ ਸੜਣ ਕਾਰਨ ਮੌਤ ਹੋ ਗਈ। ਗਗਨ ਦਾ ਮੰਨਣਾ ਹੈ ਕਿ ਰਾਜਵਿੰਦਰ ਟਰੱਕ ਦੀ ਸੀਟ ‘ਚ ਫੱਸ ਗਿਆ ਸੀ, ਜਿਸ ਕਾਰਨ ਉਹ ਟਰੱਕ ਵਿਚੋਂ ਬਾਹਰ ਨਹੀਂ ਨਿਕਲ ਸਕਿਆ। ਪੁਲਸ ਨੇ ਇਸ ਬਾਰੇ ਪੀੜਤ ਦੇ ਪਰਿਵਾਰ ਨਾਲ ਰਾਬਤਾ ਕੀਤਾ ਹੈ, ਜਦਕਿ ਹਾਦਸੇ ਤੋਂ ਬਾਅਦ ਟਰੱਕ ਨੂੰ ਇਕ ਦੱਮ ਅੱਗ ਲੱਗਣ ਦੇ ਹਾਲਾਤ ਨੇ ਕਈ ਸੁਆਲ ਖੜੇ ਕਰ ਦਿੱਤੇ ਹਨ।