PreetNama
ਰਾਜਨੀਤੀ/Politics

ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਤੋਂ ਚੋਣ ਲੜ ਸਕਦੀ ਹੈ ਸੋਨੂੰ ਸੂਦ ਦੀ ਭੈਣ ਮਾਲਵਿਕਾ, ਪਰ ਇਸ ਸ਼ਰਤ ਦੇ ਨਾਲ

ਫਿਲਮ ਐਕਟਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਦੇ ਕਾਂਗਰਸ ਜਾਂ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੀਆਂ ਚਰਚਾਵਾਂ ਖਤਮ ਹੋਣ ਤੋਂ ਬਾਅਦ ਹੁਣ ਮੰਨਿਆ ਜਾ ਰਿਹਾ ਹੈ ਕਿ ਮਾਲਵਿਕਾ ਮੋਗਾ ਵਿਧਾਨ ਸਭਾ ਸੀਟ ਤੋਂ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਪਾਰਟੀ ਦੀ ਟਿਕਟ ‘ਤੇ ਚੋਣ ਲੜੇਗੀ। ਇਸ ਦੇ ਲਈ ਭਾਜਪਾ ਨੇ ਸ਼ਰਤ ਰੱਖੀ ਹੈ ਕਿ ਸੋਨੂੰ ਸੂਦ ਪੰਜਾਬ ‘ਚ ਗਠਜੋੜ ਲਈ ਪ੍ਰਚਾਰ ਕਰਨਗੇ ਤਾਂ ਹੀ ਪਾਰਟੀ ਮੋਗਾ ਵਿਧਾਨ ਸਭਾ ਸੀਟ ਕੈਪਟਨ ਦੀ ਟੀਮ ਨੂੰ ਦੇਵੇਗੀ।

ਸੋਨੂੰ ਸੂਦ ਦੀ ਪੰਜਾਬ ‘ਚ ਮੌਜੂਦਗੀ ਇਨ੍ਹਾਂ ਚਰਚਾਵਾਂ ਨੂੰ ਹਵਾ ਦੇ ਰਹੀ ਹੈ। ਹਾਲਾਂਕਿ ਖ਼ੁਦ ਫਿਲਮ ਅਦਾਕਾਰ ਸੋਨੂੰ ਸੂਦ ਤੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਇਸ ਮਾਮਲੇ ‘ਚ ਕੁਝ ਵੀ ਕਹਿਣ ਤੋਂ ਬਚ ਰਹੇ ਹਨ ਕਿ ਮਾਲਵਿਕਾ ਕਿਹੜੀ ਪਾਰਟੀ ਤੋਂ ਚੋਣ ਲੜੇਗੀ। ਖ਼ੁਦ ਸੋਨੂੰ ਸਿਆਸਤ ‘ਚ ਆਉਣ ਦੀ ਚਰਚਾ ‘ਤੇ ਵਿਰਾਮ ਲਗਾ ਚੁੱਕੇ ਹਨ।

ਕਾਬਿਲੇਗ਼ੌਰ ਹੈ ਕਿ ਸ਼ੁਰੂਆਤੀ ਦਿਨਾਂ ‘ਚ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਲੈ ਕੇ ਇਹ ਚਰਚਾ ਛਿੜੀ ਸੀ ਕਿ ਉਹ ਕਾਂਗਰਸ ‘ਚ ਸ਼ਾਮਲ ਹੋ ਸਕਦੀ ਹੈ ਜਾਂ ਆਮ ਆਦਮੀ ਪਾਰਟੀ ‘ਚ ਜਾ ਸਕਦੀ ਹੈ। ਇਨ੍ਹਾਂ ਚਰਚਾਵਾਂ ਨੂੰ ਇਸ ਲਈ ਵੀ ਹਵਾ ਮਿਲੀ ਸੀ ਕਿਉਂਕਿ ਖ਼ੁਦ ਸੋਨੂੰ ਸੂਦ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਸਨ। ਉਸ ਵੇਲੇ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਸਨ। ਉਦੋਂ ਕੈਪਟਨ ਨਾਲ ਆਪਣੀ ਭੈਣ ਮਾਲਵਿਕਾ ਸੂਦ ਨੂੰ ਵੀ ਮਿਲਵਾਇਆ ਸੀ। ਹਾਲਾਂਕਿ ਬਾਅਦ ‘ਚ ਚਰਨਜੀਤ ਸਿੰਘ ਚੰਨੀ ਤੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਇਨ੍ਹਾਂ ਚਰਚਾਵਾਂ ‘ਤੇ ਵਿਰਾਮ ਲੱਗ ਗਿਆ ਸੀ।

ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵੇਂ ਹੀ ਪਿਛਲੇ ਦਿਨੀਂ ਮੋਗਾ ਆ ਚੁੱਕੇ ਹਨ, ਪਰ ਮਾਲਵਿਕਾ ਦੋਵਾਂ ਦੇ ਪ੍ਰੋਗਰਾਮ ‘ਚ ਸ਼ਾਮਲ ਨਹੀਂ ਹੋਈ। ਇਸ ਤੋਂ ਬਾਅਦ ਉਨ੍ਹਾਂ ਦੇ ਕਾਂਗਰਸ ਜਾਂ ‘ਆਪ’ ਵਿੱਚ ਜਾਣ ਦੀਆਂ ਚਰਚਾਵਾਂ ਖ਼ਤਮ ਹੋ ਗਈਆਂ। ਕੈਪਟਨ ਖ਼ੇਮੇ ‘ਚ ਮਾਲਵਿਕਾ ਦੇ ਜਾਣ ਦੀਆਂ ਚਰਚਾਵਾਂ ਨੂੰ 2 ਦਸੰਬਰ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਭਾਜਪਾ ਦੇ ਕੌਮੀ ਸਕੱਤਰ ਡਾ: ਨਰਿੰਦਰ ਰਾਣਾ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਸਮੇਤ ਮੋਗਾ ਪੁੱਜੇ ਸਨ। ਉਸ ਦਿਨ ਭਾਵੇਂ ਦੋਵੇਂ ਆਗੂਆਂ ਨੇ ਜ਼ਿਲ੍ਹਾ ਭਾਜਪਾ ਸੰਗਠਨ ਦੀ ਮੀਟਿੰਗ ਕੀਤੀ ਸੀ, ਪਰ ਭਾਜਪਾ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਦੇ ਕੌਮੀ ਸਕੱਤਰ ਜ਼ਿਲ੍ਹੇ ਦੇ ਨਾਲ ਬੈਠਕ ਕਰਨ ਨਹੀਂ ਬਲਕਿ ਮਾਲਵਿਕਾ ਨੂੰ ਗਠਜੋੜ ਦਾ ਉਮੀਦਵਾਰ ਬਣਾ ਕੇ ਪੰਜਾਬ ਦੀ ਸਿਆਸਤ ‘ਤੇ ਕੀ ਪ੍ਰਭਾਵ ਪੈ ਸਕਦਾ ਹੈ, ਇਸ ਸੰਭਾਵਨਾ ਦਾ ਪਤਾ ਲਗਾਉਣ ਆਏ ਸਨ।

ਸੂਤਰਾਂ ਦਾ ਕਹਿਣਾ ਹੈ ਕਿ ਡਾ: ਰਾਣਾ ਦੇ ਦੌਰੇ ਤੋਂ ਪਹਿਲਾਂ ਭਾਜਪਾ ਲੀਡਰਸ਼ਿਪ ‘ਚ ਇਹ ਚਰਚਾ ਸੀ ਕਿ ਜੇਕਰ ਸੋਨੂੰ ਸੂਦ ਭਾਜਪਾ ਦੇ ਸੰਭਾਵੀ ਗਠਜੋੜ ਲਈ ਪ੍ਰਚਾਰ ਕਰਨ ਲਈ ਰਾਜ਼ੀ ਹੋ ਜਾਂਦੇ ਹਨ ਤਾਂ ਮਾਲਵਿਕਾ ਨੂੰ ਮੋਗਾ ਤੋਂ ਕੈਪਟਨ ਦੀ ਪਾਰਟੀ ਦੀ ਟਿਕਟ ਦਿੱਤੀ ਜਾ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਫਿਲਮ ਅਦਾਕਾਰ ਸੋਨੂੰ ਸੂਦ ਨਾਲ ਚੋਣ ਪ੍ਰਚਾਰ ਕਰਨ ਨੂੰ ਲੈ ਕੇ ਅਜੇ ਤੱਕ ਕੋਈ ਸਹਿਮਤੀ ਨਹੀਂ ਬਣੀ ਹੈ, ਜਦਕਿ ਮਾਲਵਿਕਾ ਨੂੰ ਕੈਪਟਨ ਦੀ ਪਾਰਟੀ ਤੋਂ ਟਿਕਟ ਮਿਲਣ ਦੀ ਸੰਭਾਵਨਾ ਇਸ ਸ਼ਰਤ ‘ਤੇ ਟਿਕੀ ਹੋਈ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਜਦੋਂ ਭਾਜਪਾ ਅਤੇ ਕੈਪਟਨ ਖੇਮੇ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਮੈਦਾਨ ਤਿਆਰ ਹੋ ਰਿਹਾ ਹੈ। ਅਜਿਹੇ ਵਿੱਚ ਪੰਜਾਬ ਵਿੱਚ ਸੋਨੂੰ ਸੂਦ ਦੀ ਮੌਜੂਦਗੀ ਨੂੰ ਹਲਕੇ ‘ਚ ਨਹੀਂ ਲਿਆ ਜਾ ਸਕਦਾ। ਦੱਸਿਆ ਜਾ ਰਿਹਾ ਹੈ ਕਿ ਮਾਲਵਿਕਾ ਨੂੰ ਲੈ ਕੇ ਜਲਦੀ ਹੀ ਸਮਝੌਤਾ ਹੋ ਸਕਦਾ ਹੈ। ਭਾਵੇਂ ਇਸ ਦਾ ਐਲਾਨ ਕਰਨ ‘ਚ ਥੋੜ੍ਹੀ ਦੇਰ ਹੋ ਜਾਵੇ।

Related posts

ਬੰਗਾਲ ‘ਚ 30 ਮਈ ਤਕ ਮੁੰਕਮਲ ਲਾਕਡਾਊਨ, ਕੋਰੋਨਾ ਨਾਲ ਮਮਤਾ ਬੈਨਰਜੀ ਦੇ ਛੋਟੇ ਭਰਾ Ashim Banerjee ਦਾ ਦੇਹਾਂਤ

On Punjab

ਕਿਸਾਨਾਂ ਨੂੰ ਅੰਨਦਾਤਾ ਤੋਂ ਅੱਗੇ ਉਦਮੀ ਬਣਾਉਣ ਦੀ ਕਰ ਰਹੇ ਹਾਂ ਕੋਸ਼ਿਸ਼ : ਪੀਐੱਮ ਮੋਦੀ

On Punjab

ਰੋਹਲਰ ਨੇ ਟੋਕੀਓ ਓਲੰਪਿਕ ਤੋਂ ਹਟਣ ਦਾ ਕੀਤਾ ਐਲਾਨ, ਥਾਮਸ ਨੂੰ ਅਭਿਆਸ ਦੌਰਾਨ ਲੱਗ ਗਈ ਸੀ ਸੱਟ

On Punjab