ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਰੋਨਾ ਮਹਾਮਾਰੀ ਨੂੰ ਲੈ ਕੇ ਦੇਸ਼ ਦੇ 10 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਰਹੇ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀਐਮ ਮੋਦੀ ਸਾਹਮਣੇ ਯੂਜੀਸੀ ਵੱਲੋਂ 30 ਸਤੰਬਰ ਤੱਕ ਪ੍ਰੀਖਿਆਵਾਂ ਕਰਵਾਏ ਜਾਣ ਦੇ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ‘ਚ ਕੋਰੋਨਾ ਮਹਾਮਾਰੀ ਹੋਰ ਜ਼ਿਆਦਾ ਵਧ ਸਕਦੀ ਹੈ। ਕੈਪਟਨ ਨੇ ਵਿਦਿਆਰਥੀਆਂ ਨੂੰ ਪਿਛਲੇ ਇਮਤਿਹਾਨਾਂ ਦੇ ਆਧਾਰ ‘ਤੇ ਪ੍ਰਮੋਟ ਕਰਨ ਦੀ ਬੇਨਤੀ ਕੀਤੀ। ਇਸ ਦੇ ਨਾਲ ਹੀ ਕੈਪਟਨ ਨੇ ਸਕੂਲਾਂ ਦੀ ਆਨਲਾਈਨ ਸਿੱਖਿਆ ਦੇ ਢਾਂਚੇ ਲਈ ਮਦਦ ਦੀ ਮੰਗ ਵੀ ਕੀਤੀ।
ਕੈਪਟਨ ਨੇ ਕੋਰੋਨਾ ਕਾਲ ਵਿੱਚ ਮਾਹਾਮਾਰੀ ਨਾਲ ਨਜਿੱਠਣ ਲਈ ਵਿੱਤੀ ਪੈਕੇਜ ਦੀ ਵੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕੋਰੋਨਾ ਮਹਾਮਾਰੀ ਕਾਰਨ ਪਹਿਲੀ ਤਿਮਾਹੀ ਵਿੱਚ ਸੂਬੇ ਦੀ ਸਰਕਾਰ ਨੂੰ ਹੋਣ ਵਾਲੇ ਰੈਵਿਨਿਊ ਵਿੱਚ 50 ਫੀਸਦੀ ਤਕ ਦਾ ਘਾਟਾ ਪਿਆ ਹੈ।