Sukhbir Badal attack Captain: ਚੰਡੀਗੜ੍ਹ: ਪਿਛਲੇ 90 ਘੰਟਿਆਂ ਤੋਂ ਵੱਧ ਸਮੇਂ ਤੋਂ ਬੋਰਵੈੱਲ ‘ਚ ਡਿੱਗਿਆ ਫਤਿਹਵੀਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਫਤਿਹਵੀਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਪਰ ਅਜੇ ਤੱਕ ਐੱਨ.ਡੀ.ਆਰ.ਐੱਫ. ਤੇ ਸਮਾਜਿਕ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਯਤਨ ਸਫਲ ਨਹੀਂ ਹੋ ਸਕੇ ਹਨ। ਫਤਿਹਵੀਰ ਨੂੰ ਬਚਾਉਣ ਲਈ ਹੁਣ ਸਿਆਸੀ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ। ਇਸੇ ਦੇ ਚਲਦੇ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮੁੱਖ ਮੰਤਰੀ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਸੁਖਬੀਰ ਨੇ ਕਿਹਾ ਸੂਬਾ ਸਰਕਾਰ ਵੱਲੋਂ ਆਰੰਭੇ ਸੁਸਤ ਤੇ ਗੈਰ-ਪੇਸ਼ਾਵਰ ‘ਬਚਾਓ ਆਪ੍ਰੇਸ਼ਨ’ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਦਿਆਂ ਬੱਚੇ ਤੇ ਪੀੜਤ ਪਰਿਵਾਰ ਦੀ ਮੱਦਦ ਲਈ ਮਾਹਿਰਾਂ ਨੂੰ ਸੱਦਿਆ ਹੁੰਦਾ ਤਾਂ ਇਸ ਬਚਾਓ ਕਾਰਜ ਦੇ ਨਤੀਜੇ ਬਿਲਕੁੱਲ ਹੋਰ ਹੋਣੇ ਸਨ। ਉਨ੍ਹਾਂ ਕਿਹਾ ਕਿ ਦੋ ਦਿਨ ਤਕ ਇਸ ਦੁਖਾਂਤ ਪ੍ਰਤੀ ਮੁੱਖ ਮੰਤਰੀ ਅੱਖਾਂ ਮੀਟੀ ਬੈਠਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਪਹਿਲੇ ਦਿਨ ਹੀ ਇਸ ਬਚਾਓ ਕਾਰਜ ਵਿੱਚ ਦਿਲਚਸਪੀ ਲਈ ਹੁੰਦੀ ਤਾਂ ਸੂਬੇ ਦੇ ਸਿਵਲ ਇੰਜਨੀਅਰਿੰਗ ਵਿਭਾਗ ਦੀ ਟੀਮ ਇਸ ਕਾਰਜ ਵਿਚ ਲਾਈ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਦੂਜੇ ਦਿਨ ਹੀ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਬਚਾਓ ਕਾਰਜ ਲਈ ਲਾਈ ਐਨਡੀਆਰਐਫ ਦੀ ਟੀਮ ਕੋਲ ਸਥਿਤੀ ਨਾਲ ਨਜਿੱਠਣ ਦੇ ਸਾਧਨ ਨਹੀਂ ਸਨ ਤੇ ਨਾ ਹੀ ਇਸ ਕੋਲ ਫਹਿਤਵੀਰ ਨੂੰ ਬਚਾਉਣ ਲਈ ਸਹੀ ਖੁਦਾਈ ਕਰਵਾਉਣ ਵਾਸਤੇ ਮਾਹਿਰ ਇੰਜਨੀਅਰ ਸਨ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਗਲਤ ਤਰੀਕੇ ਨਾਲ ਬਚਾਓ ਪਾਇਪਾਂ ਲਾਉਣ, ਦੂਜੀ ਸੁਰੰਗ ਦੀ ਫਾਲਤੂ ਖੁਦਾਈ ਤੇ ਸਮਾਨੰਤਰ ਪਾਇਪ ਨੂੰ ਬਚਾਓ ਪਾਇਪ ਨਾਲ ਜੋੜਣ ਵਿੱਚ ਪੂਰਾ ਇੱਕ ਦਿਨ ਖਰਾਬ ਹੋ ਗਿਆ।ਜਿਕਰਯੋਗ ਹੈ ਕਿ ਜਿਥੇ ਇਸ ਮਾਮਲੇ ਨੂੰ ਲੈ ਕੇ ਲੋਕ ਕੈਪਟਨ ਸਰਕਾਰ ‘ਤੇ ਦੋਸ਼ ਲਾ ਰਹੇ ਹਨ ਉਥੇ ਹੀ ਹੁਣ 5 ਦਿਨ ਬਾਅਦ ਕੈਪਟਨ ਅਮਰਿੰਦਰ ਸਿੰਘ ਵੀ ਨੀਂਦ ਤੋਂ ਜਾਗ ਗਏ ਹਨ। ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਟਵੀਟ ਕੀਤਾ ਹੈ ਤੇ ਕਿਹਾ ਹੈ ਕਿ ਅਸੀਂ ਪਹਿਲੇ ਦਿਨ ਤੋਂ ਫਤਹਿਵੀਰ ਨੂੰ ਬਚਾਉਣ ‘ਚ ਜੁੱਟੀਆਂ ਐੱਨ. ਡੀ. ਆਰ. ਐੱਫ. ਟੀਮਾਂ ਅਤੇ ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਾਂ ਜੋ ਡੂੰਘਾਈ ‘ਚ ਜਾ ਕੇ ਬੱਚੇ ਤੱਕ ਪਹੁੰਚ ਕਰ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਘਟਨਾ ਵਾਲੀ ਜਗ੍ਹਾ ‘ਤੇ ਮੁਹੱਈਆ ਕਰਵਾਈ ਗਈ ਹੈ, ਇੱਥੋਂ ਤੱਕ ਕਿ ਮਾਹਰ ਵੀ ਬੁਲਾਏ ਗਏ ਹਨ, ਜੋ ਫਤਿਹਵੀਰ ਨੂੰ ਬਾਹਰ ਕੱਢਣ ਵਿੱਚ ਜੁਟੇ ਹੋਏ ਹਨ। ਸਾਡੇ ਮੰਤਰੀ ਵਿਜੇ ਇੰਦਰ ਸਿੰਗਲਾ ਉੱਥੇ ਮੌਜੂਦ ਹਨ ਜਿਨ੍ਹਾਂ ਦੇ ਮੈਂ ਲਗਾਤਾਰ ਸੰਪਰਕ ਵਿੱਚ ਹਾਂ। ਅਸੀਂ ਸਾਰੇ ਅਰਦਾਸ ਕਰ ਰਹੇ ਹਾਂ ਕਿ ਫਤਹਿਵੀਰ ਸਹੀ ਸਲਾਮਤ ਆਪਣੇ ਮਾਪਿਆਂ ਕੋਲ ਪਹੁੰਚੇ ਤੇ ਇਸ ਘੜੀ ਵਿੱਚ ਅਸੀਂ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ”
next post