37.26 F
New York, US
February 7, 2025
PreetNama
ਰਾਜਨੀਤੀ/Politics

ਕੈਪਟਨ ਨੂੰ ਪੁੱਠਾ ਪਿਆ ਖੇਤੀ ਕਾਨੂੰਨਾਂ ਬਾਰੇ ਦਾਅ! ਕਿਸਾਨ ਜਥੇਬੰਦੀਆਂ ਨੇ ਲਿਆ ਸਖਤ ਸਟੈਂਡ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਸਿਆਸੀ ਜ਼ਮੀਨ ਤਲਾਸ਼ਣ ਲਈ ਖੇਤੀ ਕਾਨੂੰਨਾਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਨਵਾਂ ਦਾਅ ਖੇਡਿਆ ਸੀ। ਕੈਪਟਨ ਨੂੰ ਹੁਣ ਇਹ ਦਾਅ ਉਲਟਾ ਪੈਂਦਾ ਨਜ਼ਰ ਆ ਰਿਹਾ ਹੈ। ਕੇਂਦਰ ਸਰਕਾਰ ਦੇ ਤਿੰਨੇ ਖੇਤੀ ਕਾਨੂੰਨਾਂ ਖਿਲਾਫ ਸਾਲ ਭਰ ਤੋਂ ਡਟੀਆਂ ਜਥੇਬੰਦੀਆਂ ਨੇ ਕੈਪਟਨ ਦੇ ਇਸ ਪੈਂਤੜੇ ਦੀ ਸਖਤ ਅਲੋਚਨਾ ਕੀਤੀ ਹੈ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਹੁੰਦਿਆਂ ਕੈਪਟਨ ਨੇ ਕੋਈ ਸਖਤ ਕਦਮ ਨਹੀਂ ਚੁੱਕਿਆ, ਹੁਣ ਕਿਸਾਨਾਂ ਦੇ ਨਾਂ ਉੱਪਰ ਸਿਆਸਤ ਕਰ ਰਹੇ ਹਨ।

 

ਦੱਸ ਦਈਏ ਪਿਛਲੇ ਦਿਨੀਂ ਕੈਪਟਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰਕੇ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ ਹੈ। ਚਰਚਾ ਹੈ ਕਿ ਕੈਪਟਨ ਖੇਤੀ ਕਾਨੂੰਨ ਰੱਦ ਕਰਵਾਉਣ ਵਿੱਚ ਭੂਮਿਕਾ ਨਿਭਾਅ ਕੇ ਨਵੀਂ ਸਿਆਸੀ ਪਾਰੀ ਖੇਡਣ ਦੀ ਤਿਆਰੀ ਕਰ ਰਹੇ ਹਨ। ਇਸ ਵਿੱਚ ਬੀਜੇਪੀ ਵੀ ਲਾਭ ਖੱਟਣਾ ਚਾਹੁੰਦੀ ਹੈ।

 

ਉਧਰ, ਕਿਸਾਨ ਕੈਪਟਨ ਦੀ ਇਸ ਕਾਰਵਾਈ ਤੋਂ ਕਾਫੀ ਖਫਾ ਹਨ। ਕਿਸਾਨ ਲੀਡਰਾਂ ਨੇ ਕਿਹਾ ਕਿ ਕੈਪਟਨ ਨੇ ਬਤੌਰ ਮੁੱਖ ਮੰਤਰੀ ਕੇਂਦਰ ਸਰਕਾਰ ਨਾਲ ਇੱਕ ਵਾਰ ਵੀ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨਹੀਂ ਕੀਤੀ ਤੇ ਹੁਣ ਜਦੋਂ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਹੈ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਹਨ।

 

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਅੰਦੋਲਨ ਚੱਲਦੇ ਨੂੰ ਇੱਕ ਸਾਲ ਹੋਣ ਵਾਲਾ ਹੈ, ਪਰ ਅੱਜ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਲਈ ਕੇਂਦਰ ਨਾਲ ਮੁਲਾਕਾਤ ਨਹੀਂ ਕੀਤੀ। ਅੱਜ ਉਹ ਬਿਨਾਂ ਕਿਸੇ ਅਹੁਦੇ ਤੋਂ ਮੁਲਾਕਾਤ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਨ।

 

 

ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਦਿੱਲੀ ਦੀਆਂ ਬਰੂਹਾਂ ’ਤੇ ਚਲਦਿਆਂ 10 ਮਹੀਨੇ ਪੂਰੇ ਹੋ ਚੁੱਕੇ ਹਨ। ਅੱਜ ਜਦੋਂ ਕੇਂਦਰ ਸਰਕਾਰ ਕਿਸਾਨਾਂ ਦੇ ਏਕੇ ਅੱਗੇ ਬੇਵੱਸ ਹੋ ਚੁੱਕੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਸੰਘਰਸ਼ ਦਾ ਸਾਰਾ ਸਿਹਰਾ ਆਪਣੇ ਸਿਰ ਬੰਨ੍ਹਣਾ ਚਾਹੁੰਦੇ ਹਨ।

 

ਉਨ੍ਹਾਂ ਕਿਹਾ ਕਿ ‘ਕੈਪਟਨ ਅਮਰਿੰਦਰ ਸਿੰਘ ਸਾਬਤ ਕੀ ਕਰਨਾ ਚਾਹੁੰਦੇ ਹਨ ਕਿ ਜਦੋਂ ਉਹ ਮੁੱਖ ਮੰਤਰੀ ਸੀ ਤਾਂ ਉਨ੍ਹਾਂ ਕੋਲ ਤਾਕਤ ਘੱਟ ਸੀ ਜਦੋਂ ਅੱਜ ਮੁੱਖ ਮੰਤਰੀ ਨਹੀਂ ਰਹੇ ਤਾਂ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਤਾਕਤ ਆ ਚੁੱਕੀ ਹੈ।’ ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਰਾਜਸੀ ਆਗੂ ਕੁਰਸੀ ਬਚਾਉਣ ਖਾਤਰ ਕਿਸਾਨ ਹਮਾਇਤੀ ਹੋਣ ਦਾ ਡਰਾਮਾ ਕਰ ਰਹੇ ਹਨ, ਜਿਸ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਭਾਜਪਾ ਕੈਪਟਨ ਅਮਰਿੰਦਰ ਸਿੰਘ ਦਾ ਮੋਢਾ ਵਰਤ ਕੇ ਪੰਜਾਬ ਵਿੱਚ ਕਾਬਜ਼ ਹੋਣਾ ਚਾਹੁੰਦੀ ਹੈ, ਜੋ ਕਦੇ ਵੀ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਸੰਘਰਸ਼ ਕਰਦੇ ਨੂੰ 10 ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਤੇ ਇਸ ਦੌਰਾਨ 700 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਕੇਂਦਰ ਸਰਕਾਰ ਅਜੇ ਤੱਕ ਕਿਸਾਨਾਂ ਦੀਆਂ ਮੰਗਾਂ ਸੁਣਨ ਲਈ ਵੀ ਤਿਆਰ ਨਹੀਂ ਤਾਂ ਕੈਪਟਨ ਦੇ ਕਹੇ ’ਤੇ ਕਾਨੂੰਨ ਕਿਵੇਂ ਰੱਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਜਿਹੇ ਰਾਜਸੀ ਆਗੂਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

 

ਉਧਰ, ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅੱਜ ਕਿਸਾਨਾਂ ਦੇ ਨਾਮ ’ਤੇ ਹਰ ਕੋਈ ਸਿਆਸੀ ਜ਼ਮੀਨ ਤਲਾਸ਼ ਰਿਹਾ ਹੈ। ਦੇਸ਼ ਦਾ ਅੰਨਦਾਤਾ ਆਪਣੇ ਹੱਕਾਂ ਲਈ ਖੁੱਲ੍ਹੇ ਅਸਮਾਨ ਹੇਠ ਸੰਘਰਸ਼ ਕਰ ਰਿਹਾ ਹੈ। ਕਿਸਾਨ ਆਗੂ ਨੇ ਕੈਪਟਨ-ਸ਼ਾਹ ਦੀ ਮਿਲਣੀ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਕੇਂਦਰ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਮੰਨਦੀ ਹੈ ਤਾਂ ਵਧੀਆ ਗੱਲ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕਰਕੇ ਫ਼ਸਲਾਂ ਦੀ ਐਮਐਸਪੀ ’ਤੇ ਖਰੀਦ ਦੀ ਕਾਨੂੰਨੀ ਗਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ। ਕਿਸਾਨਾਂ ਨੂੰ ਇਸ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੋਵੇਗਾ।

Related posts

Nirav Modi Extradition: ਨੀਰਵ ਮੋਦੀ ਨੂੰ ਭਾਰਤ ਲਿਆਉਣ ਦਾ ਰਸਤਾ ਸਾਫ਼, ਹਵਾਲਗੀ ਵਿਰੁੱਧ ਆਖਰੀ ਅਪੀਲ ਯੂਕੇ ਵਿੱਚ ਖਾਰਜ

On Punjab

ਨੀਰਵ ਮੋਦੀ ਨੂੰ ਅਦਾਲਤ ਨੇ ਪਾਈ ਨਕੇਲ, ਦੇਣੇ ਪੈਣਗੇ ਵਿਆਜ ਸਮੇਤ 7,200 ਕਰੋੜ

On Punjab

Sonia Gandhi Admitted to Hospital: ਸੋਨੀਆ ਗਾਂਧੀ ਨੂੰ ਗੰਗਾ ਰਾਮ ਹਸਪਤਾਲ ‘ਚ ਕਰਵਾਇਆ ਗਿਆ ਭਰਤੀ, 2 ਜੂਨ ਨੂੰ ਹੋਏ ਸਨ ਕੋਰੋਨਾ ਪਾਜ਼ੇਟਿਵ

On Punjab