PreetNama
ਰਾਜਨੀਤੀ/Politics

ਕੈਪਟਨ ਨੇ ਇਮਰਾਨ ਦਾ ਕੀਤਾ ਧੰਨਵਾਦ, ਮੁੜ ਕੀਤੀ ਫੀਸ ਮੁਆਫੀ ਦੀ ਅਪੀਲ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਪਾਸਪੋਰਟ ਅਤੇ ਐਡਵਾਂਸ ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਖ਼ਤਮ ਕਰਨ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪਾਕਿ ਸਰਕਾਰ ਨੂੰ ਸ਼ਰਧਾਲੂਆਂ ਦੀ 20 ਡਾਲਰ ਫੀਸ ਮੁਆਫ ਕਰਨ ਦੀ ਅਪੀਲ ਨੂੰ ਵੀ ਮੁੜ ਦੁਹਰਾਇਆ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ, ‘ਮੈਂ ਇਮਰਾਨ ਖ਼ਾਨ ਸਰਕਾਰ ਵੱਲੋਂ ਸਿੱਖ ਸ਼ਰਧਾਲੂਆਂ ਲਈ ਪਾਸਪੋਰਟ ਤੇ ਐਡਵਾਂਸ ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਮੁਆਫ ਕਰਨ ਲਈ ਖੁਸ਼ ਤੇ ਧੰਨਵਾਦੀ ਹਾਂ। ਪਰ ਮੈਂ ਪਾਕਿਸਤਾਨ ਨੂੰ ਅਪੀਲ ਕਰਾਂਗਾ ਕਿ ਇਸ ਨੂੰ ਸਿਰਫ ਸਿੱਖਾਂ ‘ਤੇ ਹੀ ਨਹੀਂ ਬਲਕਿ ਧਰਮ ਨਿਰਪੱਖ ਭਾਰਤ ਦੇ ਸਾਰੇ ਨਾਗਰਿਕਾਂ ‘ਤੇ ਲਾਗੂ ਕੀਤਾ ਜਾਵੇ। ਮੈਂ ਪਾਕਿ ਪ੍ਰਧਾਨ ਮੰਤਰੀ ਨੂੰ ਸਿਰਫ ਇਨ੍ਹਾਂ ਦੋ ਦੀ ਬਜਾਏ ਸਾਰੇ ਦਿਨਾਂ ਵਿੱਚ 20 ਡਾਲਰ ਦੀ ਫੀਸ ਮੁਆਫ ਕਰਨ ਦੀ ਅਪੀਲ ਕਰਦਾ ਹਾਂ।’ਉੱਧਰ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਲਈ ਪਹਿਲੇ ਦਿਨ ਜਾਣ ਵਾਲੇ ਜਥੇ ਦੀ ਫੀਸ ਮੁਆਫੀ ‘ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕੀਤੀ। ਉਨ੍ਹਾਂ ਕਿਹਾ ਹੈ ਕਿ ਇੱਕ ਦਿਨ ਦੀ ਫੀਸ ਮੁਆਫੀ ਕਰਨਾ ਕੋਈ ਵੱਡੀ ਗੱਲ ਨਹੀਂ, ਪਹਿਲੇ ਦਿਨ ਤਾਂ ਸਾਰੇ VIP ਲੋਕ ਹੀ ਉੱਥੇ ਜਾਣਗੇ। ਹਾਲਾਂਕਿ ਉਨ੍ਹਾਂ ਇਮਰਾਨ ਖ਼ਾਨ ਵੱਲੋਂ ਪਾਸਪੋਰਟ ਦੀ ਸ਼ਰਤ ਖ਼ਤਮ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।

ਸੁਖਬੀਰ ਬਾਦਲ ਨੇ ਕਿਹਾ ਹੈ ਕਿ ਜਦੋਂ ਅਸੀਂ ਪਹਿਲੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਜਾਵਾਂਗੇ ਤਾਂ ਅਸੀਂ ਇਸ ਦੀ ਫੀਸ ਦੇਣ ਲਈ ਤਿਆਰ ਹਾਂ, ਪਰ ਇਹ ਫੀਸ ਮੁਆਫੀ ਆਮ ਸ਼ਰਧਾਲੂਆਂ ਲਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਦੇ ਲੋਕ ਮੱਕਾ ਮਦੀਨਾ ਜਾਂਦੇ ਹਨ, ਸਾਡੇ ਲਈ ਕਰਤਾਰਪੁਰ ਸਾਹਿਬ ਹੀ ਮੱਕਾ ਮਦੀਨਾ ਹੈ, ਇਸ ‘ਤੇ ਫੀਸ ਨਹੀਂ ਲੱਗਣੀ ਚਾਹੀਦੀ।

ਦੱਸ ਦੇਈਏ ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੱਡਾ ਐਲਾਨ ਕਰਦਿਆਂ ਪਾਸਪੋਰਟ ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ। ਪਾਸਪੋਰਟ ਦੀ ਜਗ੍ਹਾ ਹੁਣ ਯੋਗ ID ਦੀ ਜ਼ਰੂਰਤ ਹੋਵੇਗੀ। ਪਹਿਲਾਂ ਸ਼ਰਤ ਸੀ ਕਿ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਆਪਣੇ ਨਾਲ ਪਾਸਪੋਰਟ ਰੱਖਣਾ ਜ਼ਰੂਰੀ ਹੋਵੇਗਾ, ਪਰ ਹੁਣ ਸਿਰਫ਼ ਇੱਕ ਵੈਲਿਡ ID ਦੇ ਆਧਾਰ ‘ਤੇ ਹੀ ਯਾਤਰਾ ਹੋ ਸਕੇਗੀ।

ਇਸ ਤੋਂ ਇਲਾਵਾ ਲਾਂਘੇ ਦੇ ਉਦਘਾਟਨ ਵਾਲੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਲਈ ਜਾਣ ਵਾਲੇ ਜਥੇ ਤੋਂ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ। ਹਲਾਂਕਿ ਬਾਕੀ ਦਿਨ 20 ਡਾਲਰ ਫ਼ੀਸ ਵਸੂਲੀ ਜਾਵੇਗੀ। ਇਸ ਦੇ ਨਾਲ ਹੀ ਯਾਤਰਾ ਲਈ 10 ਦਿਨ ਪਹਿਲਾਂ ਕਰਵਾਈ ਜਾਣ ਵਾਲੀ ਐਡਵਾਂਸ ਬੁਕਿੰਗ ਵੀ ਖ਼ਤਮ ਕਰ ਦਿੱਤੀ ਗਈ ਹੈ, ਯਾਨੀ ਸ਼ਰਧਾਲੂ ਕਿਸੇ ਸਮੇ ਵੀ ਯਾਤਰਾ ਕਰਨ ਲਈ ਅਪਲਾਈ ਕਰ ਸਕਣਗੇ।

Related posts

ਪਾਕਿਸਤਾਨ ਨੂੰ ਸੂਡਾਨ ਬਣਾਈ ਚਾਹੁੰਦੀ ਹੈ PTI ਦੀ ਸੋਸ਼ਲ ਮੀਡੀਆ ਸੈਲ, ਕੇਂਦਰੀ ਮੰਤਰੀ ਨੇ ਇਮਰਾਨ ਖ਼ਾਨ ‘ਤੇ ਲਾਏ ਗੰਭੀਰ ਇਲਜ਼ਾਮ

On Punjab

ਪੰਜਾਬ ਦੀ ਧਰਤੀ ਤੋਂ ਕੇਜਰੀਵਾਲ ਦੀ ਕੈਪਟਨ ਤੇ ਮੋਦੀ ਨੂੰ ਲਲਕਾਰ, ਕਿਸਾਨਾਂ ਨਾਲ ਡਟੇ ਰਹਿਣ ਦਾ ਐਲਾਨ

On Punjab

ਰਾਹੁਲ ਗਾਂਧੀ ’ਤੇ ਰਵੀਸ਼ੰਕਰ ਪ੍ਰਸਾਦ ਦਾ ਤਨਜ, ਕਿਹਾ – ਬੰਗਾਲ ’ਚ ਆਪਣੀ ਚੋਣਾਵੀ ਹਾਰ ਤੋਂ ਡਰੇ, ਇਸ ਲਈ ਰੱਦ ਕੀਤੀਆਂ ਰੈਲੀਆਂ

On Punjab