US corona death toll: ਵਾਸ਼ਿੰਗਟਨ: ਅਮਰੀਕਾ ਵਿਚ ਕੋਰੋਨਾ ਵਾਇਰਸ ਨੇ ਮਹਾਂਮਾਰੀ ਦਾ ਰੂਪ ਧਾਰਨ ਕਰ ਲਿਆ ਹੈ । ਅਮਰੀਕਾ ਵਿੱਚ ਇਸ ਖਤਰਨਾਕ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਲਗਾਤਾਰ ਦੂਜੇ ਦਿਨ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ 1,500 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ । ਜਿਸ ਕਾਰਨ ਅਮਰੀਕਾ ਵਿੱਚ ਮਰਨ ਵਾਲਿਆਂ ਦਾ ਅੰਕੜਾ 23 ਹਜ਼ਾਰ ਦੇ ਪਾਰ ਹੋ ਗਿਆ ਹੈ । ਜੌਨ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਮਰੀਕਾ ਵਿੱਚ ਹੁਣ ਤੱਕ 23,804 ਲੋਕਾਂ ਦੀ ਮੌਤ ਹੋ ਚੁੱਕੀ ਹੈ । ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਅਮਰੀਕਾ ਦੇ ਸੂਬੇ ਨਿਊਯਾਰਕ ਵਿੱਚ 10,000 ਤੋਂ ਪਾਰ ਹੋ ਗਈ ਹੈ ।
ਇਸ ਤੋਂ ਇਲਾਵਾ ਨਿਊ ਜਰਸੀ ਵਿੱਚ 2,443 ਲੋਕਾਂ ਦੀ ਮੌਤ ਹੋ ਚੁੱਕੀ ਹੈ । ਜ਼ਿਕਰਯੋਗ ਹੈ ਕਿ ਨਿਊਯਾਰਕ ਵਿੱਚ ਸੋਮਵਾਰ ਤੱਕ 6,898 ਲੋਕ ਮਰੇ ਸਨ ਅਤੇ 24 ਘੰਟਿਆਂ ਵਿਚ 451 ਲੋਕਾਂ ਦੀ ਮੌਤ ਇਕੱਲੇ ਇਸ ਸ਼ਹਿਰ ਵਿੱਚ ਹੋਈ ਹੈ । ਅਮਰੀਕਾ ਦੁਨੀਆ ਦਾ ਅਜਿਹਾ ਦੇਸ਼ ਬਣ ਗਿਆ ਹੈ ਜਿੱਥੇ ਸਿਰਫ ਇੱਕ ਦਿਨ ਦੇ ਅੰਦਰ 2 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ । ਅਮਰੀਕਾ ਤੋਂ ਬਾਅਦ ਇਟਲੀ ਵਿੱਚ 20465 ਮੌਤਾਂ, ਸਪੇਨ ਵਿੱਚ 17489, ਫਰਾਂਸ ਵਿੱਚ 14393 ਅਤੇ ਇੰਗਲੈਂਡ ਵਿੱਚ 11329 ਮੌਤਾਂ ਹੋਈਆਂ ਹਨ ।
ਦੱਸ ਦੇਈਏ ਕਿ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਨਾਲ ਤਕਰੀਬਨ 200 ਦੇਸ਼ਾਂ ਵਿੱਚ ਹੁਣ ਤੱਕ1,918,855 ਲੋਕ ਇਸ ਵਾਇਰਸ ਨਾਲ ਪੀੜਤ ਹਨ ਜਿਹਨਾਂ ਵਿਚੋਂ 119,588 ਲੋਕਾਂ ਦੀ ਮੌਤ ਹੋ ਚੁੱਕੀ ਹੈ । 19 ਲੱਖ ਤੋਂ ਵਧੇਰੇ ਇਨਫੈਕਟਿਡ ਲੋਕਾਂ ਵਿਚੋਂ ਇਕੱਲੇ ਅਮਰੀਕਾ ਵਿੱਚ 581,679 ਲੋਕ ਇਨਫੈਕਟਿਡ ਹਨ ।