Mike Pompeo accuses China: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ। ਇਸ ਮਹਾਂਮਾਰੀ ਦਾ ਸਭ ਤੋਂ ਵੱਧ ਪ੍ਰਭਾਵ ਅਮਰੀਕਾ ‘ਤੇ ਪਿਆ ਹੈ। ਇੱਥੇ ਹੁਣ ਤੱਕ ਤਕਰੀਬਨ 14 ਲੱਖ ਲੋਕ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ । ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਕਾਰਨ 1754 ਲੋਕਾਂ ਦੀ ਮੌਤ ਹੋ ਗਈ ਹੈ । ਇਸ ਦੇ ਨਾਲ ਹੀ ਕੁੱਲ ਮੌਤ ਦੀ ਗਿਣਤੀ 85,813 ਤੱਕ ਪਹੁੰਚ ਗਈ ਹੈ, ਜੋ ਕਿ ਵਿਸ਼ਵ ਵਿੱਚ ਸਭ ਤੋਂ ਵੱਧ ਹੈ।
ਇੱਕ ਪਾਸੇ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ ਤੇ ਦੂਜੇ ਪਾਸੇ ਅਮਰੀਕੀ ਸਰਕਾਰ ਚੀਨ ਨੂ ‘ਤੇ ਨਿਸ਼ਾਨਾ ਸਾਧ ਰਹੀ ਹੈ। ਵਿਦੇਸ਼ ਮੰਤਰੀ ਮਾਈਕ ਪੋਂਪੀਓ ਵੱਲੋਂ ਇੱਕ ਵਾਰ ਫਿਰ ਚੀਨ ‘ਤੇ ਨਿਸ਼ਾਨਾ ਸਾਧਿਆ ਗਿਆ ਹੈ । ਮਾਈਕ ਪੋਂਪੀਓ ਨੇ ਟਵੀਟ ਕਰ ਕੇ ਚੀਨ ਜਾਂ ਉਸਦੇ ਸਾਥੀਆਂ ਨੂੰ ਕੋਰੋਨਾ ਵਾਇਰਸ ਟੀਕੇ ਦੀ ਖੋਜ ਚੋਰੀ ਕਰਨ ‘ਤੇ ਧਿਆਨ ਨਹੀਂ ਦੇਣਾ ਚਾਹੀਦਾ ਹੈ। ਅਸੀਂ ਇਸ ਦੀ ਨਿਖੇਧੀ ਕਰਦੇ ਹਾਂ ਅਤੇ ਅਪੀਲ ਕਰਦੇ ਹਾਂ ਕਿ ਅਜਿਹੀਆਂ ਗਤੀਵਿਧੀਆਂ ਨੂੰ ਰੋਕਿਆ ਜਾਵੇ।
ਇੱਕ ਹੋਰ ਟਵੀਟ ਵਿੱਚ ਅਮਰੀਕੀ ਵਿਦੇਸ਼ ਮੰਤਰੀ ਨੇ ਲਿਖਿਆ ਕਿ ਚੀਨ ਉਹ ਦੇਸ਼ ਹੈ ਜਿੱਥੇ ਵਾਇਰਸ ਪੈਦਾ ਹੋਇਆ ਸੀ ਅਤੇ ਇਸ ਕਾਰਨ ਇਹ ਵਾਇਰਸ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ। ਚੀਨ ਨੇ ਕੋਰੋਨਾ ਵਾਇਰਸ ਨਾਲ ਜੁੜੀ ਜਾਣਕਾਰੀ ਦੁਨੀਆ ਨੂੰ ਸਾਂਝਾ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ, ਜਿਸ ਕਾਰਨ ਇਹ ਮੁਸ਼ਕਿਲ ਪੈਦਾ ਹੋ ਗਈ ਹੈ।
ਦੱਸ ਦੇਈਏ ਕਿ ਅਮਰੀਕਾ ਲਗਾਤਾਰ ਕੋਰੋਨਾ ਵਾਇਰਸ ਲਈ ਚੀਨ ‘ਤੇ ਦੋਸ਼ ਲਗਾਉਂਦਾ ਆ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੀ ਆਪਣੇ ਬਿਆਨਾਂ ਵਿੱਚ ਇਸ ਦਾ ਲਗਾਤਾਰ ਜ਼ਿਕਰ ਕਰ ਰਹੇ ਹਨ । ਬੀਤੇ ਦਿਨਾਂ ਤੋਂ ਅਮਰੀਕਾ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਚੀਨ ‘ਤੇ ਕੁਝ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ, ਇਸ ਬਾਰੇ ਇੱਕ ਪ੍ਰਸਤਾਵ ਵੀ ਦਿੱਤਾ ਗਿਆ ਹੈ। ਜਿਸ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੋਈ ਫੈਸਲਾ ਲਿਆ ਜਾ ਸਕਦਾ ਹੈ।