ਨਵੀਂ ਦਿੱਲੀ, 25 ਅਗਸਤ (ਪੋਸਟ ਬਿਊਰੋ)- ਕੋਰੋਨਾ ਕਾਲ ਅਤੇ ਬਾਰਸ਼ ਦੇ ਮੌਸਮ ਦੌਰਾਨ ਲੋਕਾਂ ਨੇ ਆਪਣੇ ਸਰੀਰ ਦੀ ਰੱਖਿਆ ਪ੍ਰਣਾਲੀ (ਈਮੀਊਨ ਸਿਸਟਮ) ਨੂੰ ਮਜ਼ਬੂਤ ਕਰਨ ਦੇ ਦੇਸੀ ਨੁਸਖਿਆਂ `ਤੇ ਅਮਲ ਕੀਤਾ ਹੈ।
ਰਿਪੋਰਟਾਂ ਮੁਤਾਬਿਕ ਇਸ ਮੌਕੇ ਲੋਕਾਂ ਨੇ ਮਸਾਲਿਆਂ ਤੇ ਭਾਰਤੀ ਰਵਾਇਤੀ ਖੁਰਾਕ ਪਦਾਰਥਾਂ ਦੀ ਵਰਤੋਂ ਵਧਾਈ ਹੈ। ਇਸ ਨਾਲ ਸਰੀਰ ਦੀ ਰੋਗ ਵਿਰੋਧੀ ਸਮਰੱਥਾ ਤਾਂ ਮਜ਼ਬੂਤ ਹੋਈ ਹੀ, ਭਾਰਤੀ ਮਸਾਲਿਆਂ ਦੀ ਵਿੱਕਰੀ ਵੀ ਵੱਧ ਗਈ ਹੈ। ਬਾਜ਼ਾਰ ਦਾ ਸਰਵੇਖਣ ਕਰਨ ਵਾਲੀ ਕੰਪਨੀ ਨੀਲਸਨ ਦੀ ਇੱਕ ਰਿਪੋਰਟ ਅਨੁਸਾਰ ਵਰਤਮਾਨ ਮਹਾਂਮਾਰੀ ਨਾਲ ਲੜਨ ਲਈ ਉਪਾਅ ਦੇ ਰੂਪ `ਚ ਸੁਰੱਖਿਆ, ਸਿਹਤ ਅਤੇ ਸਰੀਰ ਦੀ ਪ੍ਰਤੀਰੱਖਿਆ `ਤੇ ਸਭ ਤੋਂ ਵੱਧ ਧਿਆਨ ਦਿੱਤਾ ਜਾ ਰਿਹਾ ਹੈ। ਇਸ ਲਈ ਉਨ੍ਹਾਂ ਦੀ ਮੰਗ ਕਾਫ਼ੀ ਵੱਧ ਚੁੱਕੀ ਹੈ। ਜਿਨਾਂ ਭਾਰਤੀ ਮਸਾਲਿਆਂ ਦੀ ਮੰਗ ਇਸ ਸਮੇਂ ਵਧੀ ਹੈ, ਉਨ੍ਹਾਂ `ਚ ਹਲਦੀ ਦੀ ਮੰਗ `ਚ ਖ਼ਾਸੀ ਤੇਜ਼ੀ ਦੇਖੀ ਗਈ ਹੈ। ਪਿਛਲੇ ਕੁਝ ਮਹੀਨਿਆਂ `ਚ ਈ-ਕਾਮਰਸ ਪਲੇਟਫ਼ਾਰਮ `ਤੇ ਇਸ ਦੀ ਮੰਗ `ਚ 40 ਫ਼ੀਸਦੀ ਦਾ ਵਾਧਾ ਹੋਇਆ ਹੈ। ਸਰੀਰ ਦੇ ਰੱਖਿਆ ਤੰਤਰ ਨੂੰ ਮਜ਼ਬੂਤ ਕਰਨ ਦੇ ਘਰੇਲੂ ਨੁਸਖ਼ਿਆਂ `ਚ ਹਲਦੀ ਦੀ ਵਰਾਤੋਂ ਪੁਰਾਣੇ ਸਮੇਂ ਤੋਂ ਕੀਤੀ ਜਾਂਦੀ ਹੈ। ਇਹਨੀ ਦਿਨੀਂ ਕਈ ਲੋਕਾਂ ਨੇ ਹਲਦੀ ਦੁੱਧ ਜਾਂ ਕਾੜ੍ਹੇ ਬਣਾਉਣ ਦੇ ਲਈ ਹਲਦੀ ਦੀ ਵਰਤੋਂ ਵਧਾਈ ਹੈ। ਹਲਦੀ ਅਤੇ ਦੂਜੇ ਮਸਾਲਿਆਂ ਦੇ ਨਾਲ ਕਾਲੀ ਮਿਰਚ, ਅਦਰਕ, ਲਸਣ, ਤੁਲਸੀ, ਪੁਦੀਨਾ ਆਦਿ ਨੂੰ ਵੀ ਐਂਟੀਸੈਪਟਿਕ, ਜਿਵਾਣੂ ਵਿਰੋਧੀ ਗੁਣਾਂ ਲਈ ਪਛਾਣਿਆਂ ਜਾਂਦਾ ਹੈ। ਇਹ ਪਦਾਰਥ ਮਾਨਸੂਨ ਦੌਰਾਨ ਬਿਮਾਰੀਆਂ ਨੂੰ ਦੂਰ ਰੱਖਣ `ਚ ਮਦਦ ਕਰਦੇ ਹਨ। ਨੀਲਸਨ ਰਿਪੋਰਟ `ਚ ਇਹ ਵੀ ਪਾਇਆ ਗਿਆ ਹੈ ਕਿ ਅਗਲੇ ਛੇ ਮਹੀਨਿਆਂ ਤੱਕ ਜ਼ਿਆਦਾਤਰ ਗਾਹਕ ਸੁਰੱਖਿਆ ਅਤੇ ਪ੍ਰਤੀਰੱਖਿਆ ਵਧਾਉਣ ਦੀਆਂ ਆਦਤਾਂ ਨੂੰ ਜਾਰੀ ਰੱਖਣਗੇ।