cricketer shakib will auction: ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਲੜਾਈ ਲਈ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਵਿੱਚ 2019 ਵਨਡੇ ਵਿਸ਼ਵ ਕੱਪ ਦੇ ਆਪਣੇ ਬੱਲੇ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ। ਵਿਕਟਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਨੇ ਸ਼ਾਕਿਬ ਤੋਂ ਪਹਿਲਾ ਆਪਣੇ ਨਿੱਜੀ ਕ੍ਰਿਕਟ ਸਾਮਾਨ ਦੀ ਨਿਲਾਮੀ ਕੀਤੀ ਸੀ, ਸ਼ਾਕਿਬ ਇਸ ਸਮੇਂ ਦੋ ਸਾਲਾਂ ਦੀ ਪਾਬੰਦੀ ਦਾ ਸਾਹਮਣਾ ਕਰ ਰਿਹਾ ਹੈ। ਸ਼ਾਕਿਬ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਕਿਹਾ, “ਮੈਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਆਪਣੇ ਬੱਲੇ ਦੀ ਨਿਲਾਮੀ ਕਰਾਂਗਾ। ਮੈਂ ਸਾਲ 2019 ਦੇ ਵਿਸ਼ਵ ਕੱਪ ਦੇ ਆਪਣੇ ਬੱਲੇ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ, ਇਹ ਮੇਰਾ ਮਨਪਸੰਦ ਬੈਟ ਹੈ।”
ਪਿੱਛਲੇ ਸਾਲ ਇੰਗਲੈਂਡ ਵਿੱਚ ਹੋਏ ਵਿਸ਼ਵ ਕੱਪ ‘ਚ ਅੱਠ ਮੈਚਾਂ ਵਿੱਚ 606 ਦੌੜਾਂ ਬਣਾਉਣ ਵਾਲੇ ਸ਼ਾਕਿਬ ਨੇ ਦੋ ਸੈਂਕੜੇ ਅਤੇ ਪੰਜ ਅਰਧ ਸੈਂਕੜੇ ਲਗਾਏ ਸਨ। ਸ਼ਾਕਿਬ ਨੇ 11 ਵਿਕਟਾਂ ਵੀ ਲਈਆਂ ਸਨ ਅਤੇ ਉਹ ਇਕਲੌਤਾ ਕ੍ਰਿਕਟਰ ਹੈ ਜਿਸ ਨੇ 10 ਤੋਂ ਵੱਧ ਵਿਕਟਾਂ ਲਈਆਂ ਹਨ ਅਤੇ ਵਿਸ਼ਵ ਕੱਪ ਵਿੱਚ 600 ਤੋਂ ਵੱਧ ਦੌੜਾਂ ਬਣਾਈਆਂ ਹਨ। ਸ਼ਾਕਿਬ ਨੇ ਕਿਹਾ, “ਵਰਲਡ ਕੱਪ ਬੱਲੇ ਅਤੇ ਗੇਂਦ ਦੋਵਾਂ ਨਾਲ ਚੰਗਾ ਰਿਹਾ ਹੈ। ਮੈਂ ਪੂਰੇ ਟੂਰਨਾਮੈਂਟ ਵਿੱਚ ਇੱਕੋ ਬੱਲੇ ਦੀ ਵਰਤੋਂ ਕੀਤੀ ਸੀ। ਮੈ ਇਸ ਬੱਲੇ ਨਾਲ 1500 ਤੋਂ ਵੱਧ ਦੌੜਾਂ ਬਣਾਈਆਂ ਹਨ ਅਤੇ ਵਿਸ਼ਵ ਕੱਪ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਇਸ ਬੱਲੇ ਨਾਲ ਹੀ ਖੇਡਿਆ ਹਾਂ।”
ਇਸ ਨਿਲਾਮੀ ਤੋਂ ਹੋਣ ਵਾਲੀ ਕਮਾਈ ਸ਼ਾਕਿਬ ਅਲ ਹਸਨ ਫਾਉਂਡੇਸ਼ਨ ਨੂੰ ਜਾਵੇਗੀ। ਸ਼ਾਕਿਬ ਨੇ ਕਿਹਾ, “ਇਹ ਮੇਰੇ ਲਈ ਬਹੁਤ ਖਾਸ ਬੈਟ ਹੈ ਪਰ ਮੇਰੇ ਦੇਸ਼ ਵਾਸੀ ਇਸ ਤੋਂ ਜ਼ਿਆਦਾ ਖਾਸ ਹਨ।”