Centre forms special 11: ਨਵੀਂ ਦਿੱਲੀ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ । ਜਿਸ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਭਾਰਤ ਵਿੱਚ ਵੀ ਆਪਣੇ ਪੈਰ ਪਸਾਰ ਰਿਹਾ ਹੈ । ਦੇਸ਼ ਵਿੱਚ ਹੁਣ ਤੱਕ 1100 ਤੋਂ ਵੱਧ ਲੋਕ ਕੋਰੋਨਾ ਤੋਂ ਪੀੜਤ ਹਨ, ਜਿਨ੍ਹਾਂ ਵਿਚੋਂ 31 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਬਿਮਾਰੀ ਤੋਂ ਬਚਣ ਲਈ ਪੂਰੇ ਦੇਸ਼ ਵਿੱਚ ਲਾਕ ਡਾਊਨ ਦਾ ਐਲਾਨ ਕੀਤਾ ਹੈ । ਇਸ ਲਾਕ ਡਾਊਨ ਦੌਰਾਨ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ । ਲਾਕ ਡਾਊਨ ਤੋਂ ਬਾਅਦ ਪੁਲਿਸ ਆਪਣੇ ਕੰਮ ਨੂੰ ਪੂਰੀ ਮੁਸਤੈਦੀ ਨਾਲ ਲੱਗੀ ਹੋਈ ਹੈ ।
ਇਸੇ ਵਿਚਾਲੇ ਕੋਰੋਨਾ ਵਿਰੁੱਧ ਜੰਗ ਨੂੰ ਲੈ ਕੇ ਮੋਦੀ ਸਰਕਾਰ ਵੱਲੋਂ ਇੱਕ ਟੀਮ-11 ਬਣਾਈ ਗਈ ਹੈ । ਜਿਸ ਵਿੱਚ ਇਸ ਟੀਮ ਦੀ ਜ਼ਿੰਮੇਵਾਰੀ ਕੋਰੋਨਾ ਕਾਰਨ ਆਈ ਐਮਰਜੈਂਸੀ ਵਰਗੀ ਸਥਿਤੀ ਨਾਲ ਨਜਿੱਠਣ ਦੀ ਤਿਆਰੀ ਦਾ ਖਾਕਾ ਤਿਆਰ ਕਰਨਾ ਹੈ । ਦਰਅਸਲ, ਗ੍ਰਹਿ ਮੰਤਰਾਲੇ ਵੱਲੋਂ ਐਮਰਜੈਂਸੀ ਪ੍ਰਬੰਧਨ ਐਕਟ 2005 ਦੇ ਤਹਿਤ ਇੱਕ ਸ਼ਕਤੀਸ਼ਾਲੀ ਟੀਮ ਬਣਾਈ ਗਈ ਹੈ, ਜਿਸ ਵਿੱਚ ਕੋਰੋਨਾ ਵਾਇਰਸ ਵਿਰੁੱਧ ਲੜਾਈ ਲਈ ਯੋਜਨਾਵਾਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ । ਇਸ ਟੀਮ ਵਿੱਚ ਮੋਦੀ ਸਰਕਾਰ ਦੇ ਸੀਨੀਅਰ ਅਫਸਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ।
ਉੱਥੇ ਹੀ ਦੂਜੇ ਪਾਸੇ ਇੱਕ ਕਮੇਟੀ ਹਸਪਤਾਲ, ਆਈਸੋਲੇਸ਼ਨ ਅਤੇ ਕੁਆਰੰਟੀਨ ਦੀ ਉਪਲੱਬਧਤਾ ਅਤੇ ਬੀਮਾਰੀ ਦੀ ਨਿਗਰਾਨੀ, ਟੈਸਟਿੰਗ ਤੇ ਕ੍ਰਿਟਕਲ ਕੇਅਰ ਟ੍ਰੇਨਿੰਗ ਲਈ ਬਣਾਈ ਗਈ ਹੈ । ਇਸ ਤੋਂ ਇਲਾਵਾ ਮੈਡੀਕਲ ਉਪਕਰਣ, ਲੋਕਾਂ ਤਕ ਖਾਣਾ ਅਤੇ ਦਵਾਈਆਂ ਦੀ ਸਹੂਲਤ, ਪ੍ਰਾਈਵੇਟ ਸੈਕਟਰ ਅਤੇ ਐੱਨ. ਜੀ. ਓ. ਨਾਲ ਕੋ-ਆਰਡੀਨੇਸ਼ਨ ਅਤੇ ਲਾਕ ਡਾਊਨ ਨੂੰ ਲੈ ਕੇ ਕਮੇਟੀਆਂ ਬਣਾਈਆਂ ਗਈਆਂ ਹਨ ।
ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ । ਜਿਸਦੇ ਚੱਲਦਿਆਂ ਭਾਰਤ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 1142 ਹੋ ਗਈ ਹੈ, ਜਦਕਿ 31 ਲੋਕਾਂ ਦੀ ਮੌਤ ਹੋ ਚੁੱਕੀ ਹੈ । ਜਿੱਥੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਇਸ ਵਾਇਰਸ ਕਾਰਨ ਮੌਤਾਂ ਹੋ ਰਹੀਆਂ ਹਨ, ਉੱਥੇ ਹੀ ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਐਤਵਾਰ ਰਾਤ ਨੂੰ ਅੰਮ੍ਰਿਤਸਰ ਵਿੱਚ ਇੱਕ 68 ਸਾਲਾਂ ਬਜ਼ੁਰਗ ਨੇ ਦਮ ਤੋੜ ਦਿੱਤਾ । ਜਿਸ ਤੋਂ ਬਾਅਦ ਦੇਸ਼ ਵਿੱਚ ਹੁਣ ਤੱਕ ਕੋਰੋਨਾ ਕਾਰਨ 31 ਲੋਕਾਂ ਦੀ ਮੌਤ ਹੋ ਚੁੱਕੀ ਹੈ ।