ਦੇਸ਼ ਦੁਨੀਆ ਨੇ ਅਜੇ ਕੋਰੋਨਾ ਵਾਇਰਸ (Covid-19) ਦਾ ਪ੍ਰਕੋਪ ਭੁਲਾਇਆ ਨਹੀਂ ਹੈ। ਕਰੋਨਾ ਕਾਲ ਦੇ ਕਾਲੇ ਸਮੇਂ ਨੂੰ ਯਾਦ ਕਰਕੇ ਅੱਜ ਵੀ ਲੋਕਾਂ ਦੇ ਦਿਲ ਕੰਬ ਉੱਠਦੇ ਹਨ ਤੇ ਜਿਨ੍ਹਾਂ ਲੋਕਾਂ ਨੇ ਆਪਣੇ ਕਿਸੇ ਪਿਆਰੇ ਨੂੰ ਗੁਆਇਆ ਹੈ, ਉਸ ਦਾ ਦਰਦ ਤਾਂ ਸਮਝੋਂ ਬਾਹਰਾ ਹੈ। ਪਰ ਹੁਣ ਜਾਪਾਨ ਤੋਂ ਇਕ ਹੋਰ ਵਾਇਰਸ ਉੱਠ ਖੜ੍ਹਾ ਹੈ, ਜਿਸ ਦੇ ਕੇਸ 5 ਯੂਰਪੀ ਦੇਸ਼ਾਂ ਵਿਚ ਵੀ ਪਾਏ ਗਏ ਹਨ। ਇਸ ਸਮੇਂ ਜਾਪਾਨ ‘ਚ ਟਿਸ਼ੂ ਨੂੰ ਨੁਕਸਾਨ ਪਹੁੰਚਾਉਣ ਵਾਲਾ ਇਕ ਬੈਕਟੀਰੀਆ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਾਰਨ ਸਿਰਫ 48 ਘੰਟਿਆਂ ‘ਚ ਵਿਅਕਤੀ ਦੀ ਮੌਤ ਹੋ ਸਕਦੀ ਹੈ। ਇਹ ਬੈਕਟੀਰੀਆ ਸਟ੍ਰੈਪਟੋਕੋਕਲ ਟੌਕਸਿਕ ਸ਼ੌਕ ਸਿੰਡਰੋਮ (STSS) ਨਾਮ ਦੀ ਇਕ ਜਾਨਲੇਵਾ ਬਿਮਾਰੀ ਦਾ ਕਾਰਨ ਬਣਦਾ ਹੈ। ਸਿਹਤ ਮਾਹਿਰ ਚਿੰਤਾ ਵਿਚ ਹਨ ਕਿ ਇਹ ਬੈਕਟੀਰੀਆ ਵੀ ਜਲਦੀ ਹੀ ਕੋਵਿਡ ਵਾਂਗ ਦੁਨੀਆ ਭਰ ਵਿੱਚ ਤਾਂ ਨਹੀਂ ਫੈਲ ਜਾਵੇਗਾ? ਆਓ ਤੁਹਾਨੂੰ ਇਸ ਨਵੀਂ ਆਫ਼ਤ ਬਾਰੇ ਹੋਰ ਵਿਸਥਾਰ ਨਾਲ ਦੱਸੀਏ –
ਜਾਪਾਨ ਟਾਈਮਜ਼ (The Japan Times) ਨੇ ਇਸ ਬੈਕਟੀਰੀਆ ਬਾਰੇ ਇਕ ਵਿਸਤ੍ਰਿਤ ਰਿਪੋਰਟ ਛਾਪੀ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਇਹ ਇੱਕ ਦੁਰਲੱਭ ਬੈਕਟੀਰੀਆ ਹੈ, ਜਿਸ ਦੇ ਮਾਮਲੇ ਜਾਪਾਨ ਵਿੱਚ 1999 ਤੋਂ ਦਰਜ ਕੀਤੇ ਜਾ ਰਹੇ ਹਨ। ਹਰ ਸਾਲ ਇਸ ਬੈਕਟੀਰੀਆ ਤੋਂ ਸੈਂਕੜੇ ਲੋਕ ਪ੍ਰਭਾਵਿਤ ਹੁੰਦੇ ਹਨ, ਜਿਨ੍ਹਾਂ ਵਿਚੋਂ ਬਹੁਤਿਆਂ ਦੀ ਮੌਤ ਹੋ ਜਾਂਦੀ ਹੈ। ਜਾਪਾਨ ਦੇ ਨੈਸ਼ਨਲ ਇੰਸਟੀਚਿਊਟ ਆਫ਼ ਇਨਫੈਕਸ਼ਨਸ ਡਿਜ਼ੀਜ਼ਜ਼ (National Institute of Infectious Diseases) ਦੇ ਅੰਕੜਿਆਂ ਮੁਤਾਬਿਕ ਬੀਤੇ ਵਰ੍ਹੇ 2023 ਵਿੱਚ ਇਸ ਬੈਕਟੀਰੀਆ ਨਾਲ 941 ਲੋਕ ਪ੍ਰਭਾਵਿਤ ਹੋਏ ਸਨ। ਪਰ ਇਸ ਸਾਲ 2024 ਦੀ 2 ਜੂਨ ਤੱਕ ਹੀ 977 ਮਾਮਲੇ ਸਾਹਮਣੇ ਆ ਚੁੱਕੇ ਹਨ, ਇਸ ਨਾਲ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਤੋਂ ਵੀ ਵਧੇਰੇ ਡਰ ਵਾਲੀ ਗੱਲ ਹੈ ਕਿ ਇਹ ਬੈਕਟੀਰੀਆਂ ਹੁਣ ਜਾਪਾਨ ਤੋਂ ਇਲਾਵਾ ਕਈ ਯੂਰਪੀ ਦੇਸ਼ਾਂ ਵਿਚ ਵੀ ਫੈਲਿਆ ਹੈ ਤੇ ਇਸ ਨਾਲ ਹੋਣ ਵਾਲੀ ਬਿਮਾਰੀ ਸਟ੍ਰੈਪਟੋਕੋਕਲ ਟੌਕਸਿਕ ਸ਼ੌਕ ਸਿੰਡਰੋਮ (STSS) ਮਾਮਲੇ ਸਾਹਮਣੇ ਆਏ ਹਨ।
ਜੇਕਰ ਜਾਪਾਨ ਵਿਚ ਇਸ ਬੈਕਟੀਰੀਆ ਦੇ ਫੈਲਣ ਦੀ ਦਰ ਇਸੇ ਤਰ੍ਹਾਂ ਹੀ ਜਾਰੀ ਰਹਿੰਦੀ ਹੈ ਤਾਂ ਸਾਲ 2024 ਦੇ ਅੰਤ ਤੱਕ ਲਗਭਗ 2500 ਲੋਕ ਇਸ ਬੈਕਟੀਰੀਆ ਦਾ ਸ਼ਿਕਾਰ ਹੋ ਸਕਦੇ ਹਨ। ਇਸ ਬੀਮਾਰੀ ਨਾਲ ਹੋਣ ਵਾਲੀ ਮੌਤ ਦਰ 30 ਫੀਸਦੀ ਹੈ ਅਤੇ ਜ਼ਿਆਦਾਤਰ ਮਰੀਜ਼ਾਂ ਦੀ ਸਿਰਫ 48 ਘੰਟਿਆਂ ‘ਚ ਮੌਤ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ 40 ਸਾਲ ਤੋਂ ਵੱਧ ਉਮਰ ਦੇ ਲੋਕ ਇਸ ਬੈਕਟੀਰੀਆ ਦੀ ਲਾਗ ਨਾਲ ਵਧੇਰੇ ਪ੍ਰਭਾਵਿਤ ਹੁੰਦੇ ਹਨ।