ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਨੂੰ ਵੇਖਦਿਆਂ ਪੰਜਾਬ ਸਰਕਾਰ ਨਿੱਤ ਨਵੇਂ ਆਦੇਸ਼ ਜਾਰੀ ਕਰ ਰਹੀ ਹੈ। ਹੁਣ ਸਰਕਾਰ ਨੇ ਘਰੇਲੂ ਏਕਾਂਤਵਾਸ ਵਿੱਚ ਰਹਿ ਰਹੇ ਬਿਨਾਂ ਲੱਛਣ/ਹਲਕੇ ਲੱਛਣਾਂ ਵਾਲੇ ਮਰੀਜ਼ਾਂ ਤੇ 60 ਸਾਲ ਤੋਂ ਵੱਧ ਉਮਰ ਤੇ ਸਹਿ-ਰੋਗ ਵਾਲੇ ਮਰੀਜ਼ਾਂ ਤੇ ਗਰਭਵਤੀ ਮਹਿਲਾਵਾਂ ਦੀ ਮੈਡੀਕਲ ਫਿਟਨੈੱਸ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਅਜਿਹੇ ਸਾਰੇ ਮਰੀਜ਼ ਨਮੂਨੇ ਲੈਣ ਵੇਲੇ ਘਰ ਵਿੱਚ ਹੀ ਏਕਾਂਤਵਾਸ ਹੋਣ ਦੀ ਸਹੂਲਤ ਉਪਲੱਬਧ ਹੋਣ ਬਾਰੇ ਸਵੈ-ਘੋਸ਼ਣਾ ਪੱਤਰ ਦੇ ਸਕਦੇ ਹਨ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਨਮੂਨਾ ਲੈਣ ਸਮੇਂ ਉਪਲੱਬਧ ਡਾਕਟਰ ਅਜਿਹੇ ਸਾਰੇ ਵਿਅਕਤੀਆਂ ਨੂੰ ਘਰਾਂ ਵਿੱਚ ਏਕਾਂਤਵਾਸ ਸਬੰਧੀ ਉਨ੍ਹਾਂ ਦੀ ਮੈਡੀਕਲ ਫਿਟਨੈੱਸ ਦੀ ਜਾਂਚ ਕਰਨਗੇ। ਘੱਟ/ਹਲਕੇ ਲੱਛਣ ਵਾਲੀ ਕੋਵਿਡ-19 ਪਾਜ਼ੇਟਿਵ ਗਰਭਵਤੀ ਮਹਿਲਾ ਜੋ ਘੱਟ-ਜੋਖ਼ਮ ਵਾਲੀ ਗਰਭ ਅਵਸਥਾ ਵਿੱਚ ਹਨ ਤੇ ਜਿਨ੍ਹਾਂ ਦੀ ਅਗਲੇ ਤਿੰਨ ਹਫ਼ਤਿਆਂ ਵਿੱਚ ਜਣੇਪਾ ਹੋਣ ਦੀ ਸੰਭਾਵਨਾ ਨਹੀਂ ਤੇ ਜੇਕਰ ਮਹਿਲਾ ਨੂੰ ਕਿਸੇ ਗਾਇਨੀਕੋਲੋਜਿਸਟ ਦੁਆਰਾ ਸਰਟੀਫਾਈ ਕੀਤਾ ਜਾਂਦਾ ਹੈ ਤਾਂ ਉਸ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਕਰੋਨਾਵਾਇਰਸ ਨੇ ਪਿਛਲੇ ਸੋਮਵਾਰ 43 ਵਿਅਕਤੀਆਂ ਦੀ ਜਾਨ ਲੈ ਲਈ। ਹੁਣ ਤੱਕ ਸੂਬੇ ਵਿੱਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1129 ਹੋ ਗਈ ਹੈ। ਸੂਬੇ ਵਿੱਚ ਸੋਮਵਾਰ 1516 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸੇ ਦੌਰਾਨ 1829 ਵਿਅਕਤੀ ਠੀਕ ਵੀ ਹੋਏ ਹਨ। ਸੂਬੇ ਵਿੱਚ ਕੁੱਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 43,284 ਤੇ ਸਿਹਤਯਾਬ ਹੋਣ ਵਾਲਿਆਂ ਦਾ ਅੰਕੜਾ 28,357 ਤੱਕ ਪਹੁੰਚ ਗਿਆ ਹੈ।